ਫਿਰੋਜ਼ਪੁਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ : ਇਕ ਸ਼ੂਟਰ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ, ਹਥਿਆਰ ਬਰਾਮਦ

06/30/2022 4:08:07 PM

ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਵੱਲੋਂ ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸ.ਪੀ ਇਨਵੈਸਟੀਗੇਸ਼ਨ ਗੁਰਬਿੰਦਰ ਸਿੰਘ, ਡੀ.ਐਸ.ਪੀ ਇਨਵੈਸਟੀਗੇਸ਼ਨ ਜਗਦੀਸ਼ ਕੁਮਾਰ ਅਤੇ ਸੀ.ਆਈ.ਏ ਇੰਚਾਰਜ ਸਬ ਇੰਸਪੈਕਟਰ ਜਨਕ ਰਾਜ ਦੀ ਅਗਵਾਈ ਹੇਠ ਗਠਿਤ ਟੀਮਾਂ ਨੇ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਇਕ ਗੈਂਗਸਟਰ ਸਮੇਤ ਤਿੰਨ ਅਪਰਾਧੀ ਕਥਿਤ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਪਾਕਿਸਤਾਨ ਤੋਂ ਆਏ ਡਰੋਨ ਜ਼ਰੀਏ ਸਾਢੇ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜਦੋਂ ਏ.ਐੱਸ.ਆਈ ਨਵਤੇਜ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼ ਦੀ ਪੁਲਸ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਬੱਸ ਸਟੈਂਡ ਪਿੰਡੀ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਗੁਰਦੀਪ ਸਿੰਘ ਸ਼ੂਟਰ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਜਾਮਾ ਰੱਖੀਆਂ ਉਤਾੜ, ਮਲਕੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੇਘਾ ਰਾਏ ਉਤਾੜ ਅਤੇ ਸਾਹਿਲ ਕੰਬੋਜ ਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਚੱਕ ਸੁਕੜ ਅਪਰਾਧਿਕ ਕਿਸਮ ਦੇ ਵਿਅਕਤੀ ਹਨ, ਜੋ ਨਾਜਾਇਜ਼ ਹਥਿਆਰਾਂ ਦੇ ਨਾਲ ਕਾਲੇ ਰੰਗ ਦੀ ਸਕੋਡਾ ਕਾਰ ਨੰਬਰ ਪੀ.ਬੀ.47 ਈ.7555 ’ਤੇ ਜਲਾਲਾਬਾਦ ਤੋਂ ਗੋਲੂ ਕਾ ਮੋੜ ਵੱਲ ਆ ਰਹੇ ਹੈ ਅਤੇ ਇਸ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਏ.ਐੱਸ.ਆਈ ਨਵਤੇਜ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਅਤੇ ਸਕੋਡਾ ਕਾਰ ’ਚ ਆ ਰਹੇ ਗੁਰਦੀਪ ਸਿੰਘ ਕਾਲੀ ਸ਼ੂਟਰ, ਮਲਕੀਤ ਸਿੰਘ ਅਤੇ ਸਾਹਿਲ ਕੰਬੋਜ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਟਲ 7.62 ਐੱਮ.ਐੱਮ ਸਪੈਸ਼ਲ, 5 ਜਿੰਦਾ ਕਾਰਤੂਸ, ਦੋ ਪਿਸਟਲ (ਦੇਸੀ ਕੱਟਾ) 315 ਬੋਰ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪਿਆਕੜਾਂ ਲਈ ਬੁਰੀ ਖ਼ਬਰ: ਅੱਜ ਬੰਦ ਹੋ ਜਾਣਗੇ ਜਲੰਧਰ ਜ਼ਿਲ੍ਹੇ ਦੇ 75 ਫ਼ੀਸਦੀ ਤੋਂ ਜ਼ਿਆਦਾ ਠੇਕੇ

ਐੱਸ.ਐੱਸ.ਬੀ ਸੋਹਲ ਨੇ ਦੱਸਿਆ ਕਿ ਕਾਲੀ ਸ਼ੂਟਰ ਦੇ ਖ਼ਿਲਾਫ਼ ਥਾਣਾ ਮਮਦੋਟ, ਸਿਟੀ ਜਲਾਲਾਬਾਦ, ਮੁਹਾਲੀ ਅਤੇ ਗੁਰੂਹਰਸਹਾਏ ਵਿੱਚ ਐਨਡੀਪੀਐਸ ਐਕਟ, ਅਸਲਾ ਐਕਟ ਅਤੇ ਚੋਰੀ ਆਦਿ ਦੇ 7 ਮੁਕੱਦਮੇ ਦਰਜ ਹਨ, ਜਦੋਂ ਕਿ ਸਾਹਿਲ ਕੰਬੋਜ ਖਿਲਾਫ਼ ਜਲਾਲਾਬਾਦ ਵਿਚ ਕਾਤਲਾਨਾ ਹਮਲਾ ਕਰਨ ਅਤੇ ਲੜਾਈ-ਝਗੜੇ ਤੇ ਅਸਲਾ ਐਕਟ ਦੇ 3 ਮੁਕੱਦਮੇ ਅਤੇ ਮਲਕੀਤ ਸਿੰਘ ਉਰਫ ਸੰਨੀ ਖ਼ਿਲਾਫ਼ ਥਾਣਾ ਮਮਦੋਟ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੈ।
 ਉਨ੍ਹਾਂ ਦੱਸਿਆ ਕਿ ਇਸ ਗਰੋਹ ਕੋਲੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News