ਪੰਜ ਸਾਲ ਤੋਂ ਪੁਲਸ ਨਾਲ ਲੁਕਣ-ਮੀਟੀ ਖੇਡਣ ਵਾਲੀ ਅੌਰਤ ਸਮੇਤ 2 ਕਾਬੂ

11/17/2018 5:49:58 AM

ਖੰਨਾ, (ਸੁਨੀਲ)- ਪਿਛਲੇ 5 ਸਾਲ ਤੋਂ ਪੁਲਸ ਨਾਲ ਲੁਕਣ-ਮੀਟੀ ਦਾ ਖੇਡ ਖੇਡਦੀ ਸ਼ਾਤਰ ਅੌਰਤ ਨਵਜੋਤ ਕੌਰ ਪਤਨੀ ਸਵ. ਭਾਗ ਸਿੰਘ ਵਾਸੀ ਪਿੰਡ ਸਲੌਦੀ ਜਿਸਦੇ ਖਿਲਾਫ ਸਿਟੀ ਖੰਨਾ ’ਚ ਆਈ. ਪੀ. ਸੀ. ਦੀ ਧਾਰਾ 420 ਅਧੀਨ ਮਿਤੀ 5 ਅਗਸਤ 2013 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਪੂਰੀ ਮੁਸਤੈਦੀ ਦੇ ਬਾਵਜੂਦ ਵੀ ਇਹ ਪੁਲਸ ਦੇ ਹੱਥੇ ਨਹੀਂ ਚਡ਼੍ਹੀ ਸੀ, ਜਿਸ ਨੂੰ ਅੱਜ ਇਕ ਮੁਖ਼ਬਰ ਦੀ ਪੱਕੀ ਸੂਚਨਾ ਦੇ ਆਧਾਰ ’ਤੇ ਖਰਡ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਕੇਸ ਨਾਲ ਸਬੰਧਿਤ ਏ. ਐੱਸ. ਆਈ. ਜਗਤਾਰ ਸਿੰਘ  ਅਤੇ ਮਹਿਲਾ ਥਾਣੇਦਾਰ ਡਿੰਪਲ ਕੁਮਾਰੀ ਨੇ ਦੱਸਿਆ ਕਿ ਪੁਲਸ ਵਲੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਕਾਫ਼ੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਪੁਲਸ ਦੀ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਇਕ ਖਾਸ ਮੁਖ਼ਬਰ ਨੇ ਸੂਚਨਾ ਦਿੰਦੇ ਹੋਏ ਦੱਸਿਆ ਕਿ ਕਥਿਤ ਮਹਿਲਾ ਕਿਤੇ ਜਾਣ ਦੀ ਤਿਆਰੀ ’ਚ ਖਰਡ਼ ਦੇ ਬੱਸ ਸਟੈਂਡ ’ਤੇ ਖੜ੍ਹੀ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਸ ਨੇ ਆਪਣਾ ਮਕਾਨ ਪਹਿਲਾਂ ਕਿਸੇ ਵਿਅਕਤੀ ਨੂੰ ਵੇਚਦੇ ਹੋਏ ਉਸ ਤੋਂ ਪੰਜ ਲੱਖ ਰੁਪਏ ਲੈ ਲਏ, ਉਪਰੰਤ ਉਸ ਨੇ ਇਸ ਸਾਜ਼ਿਸ਼ ’ਚ ਖੰਨਾ ਵਾਸੀ ਸੰਜੇ ਉਰਫ ਗੱਬਰ ਪੁੱਤਰ ਰਾਮਪਾਲ ਵਾਸੀ ਬਿੱਲਾਂ ਵਾਲੀ ਛੱਪਡ਼ੀ ਨੂੰ ਸ਼ਾਮਲ ਕਰ ਕੇ ਉਸੇ ਮਕਾਨ ਨੂੰ ਇਕ ਹੋਰ ਵਿਅਕਤੀ ਨੂੰ 3 ਲੱਖ 10 ਹਜ਼ਾਰ ਰੁਪਏ ’ਚ ਵੇਚ ਦਿੱਤਾ, ਜਿਸ ’ਤੇ ਪੁਲਸ ਨੇ ਸ਼ਿਕਾਇਤਕਰਤਾ ਬਿਕਰਮ ਸਿੰਘ  ਪੁੱਤਰ ਮੋਹਨ ਲਾਲ ਵਾਸੀ ਬਿੱਲਾਂ ਵਾਲੀ ਛੱਪਡ਼ੀ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ। ਉਥੇ ਹੀ ਅੱਜ ਪੁਲਸ ਨੇ ਗੁਪਤ ਢੰਗ ਨਾਲ ਰੇਡ ਕਰਦੇ ਹੋਏ ਸੰਜੇ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ 120ਬੀ ਦੀ ਧਾਰਾ ਲਗਾਉਂਦੇ ਹੋਏ ਉਸ ਨੂੰ ਵੀ ਸਾਥੀ ਬਣਾ ਲਿਆ। ਪੁਲਸ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਪੁੱਛਗਿਛ ਜਾਰੀ ਹੈ ਅਤੇ ਪੁਲਸ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ’ਚ ਦੋਵਾਂ ਕਥਿਤ ਦੋਸ਼ੀਆਂ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ।  ਦੋਵਾਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।   


Related News