ਲੁੱਟਾਂ-ਖੋਹਾਂ ਅਤੇ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

03/23/2020 12:44:17 AM

ਸਿੱਧਵਾਂ ਬੇਟ,(ਚਾਹਲ)- ਥਾਣਾ ਸਿੱਧਵਾਂ ਬੇਟ ਦੀ ਪੁਲਸ ਚੌਕੀ ਭੂੰਦਡ਼ੀ ਵੱਲੋਂ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਗਿਰੋਹ ਦੇ 2 ਮੈਂਬਰ ਭੱਜਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਦੇ ਇੰਚਾਰਜ ਪਾਹਡ਼ਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਲੁੱਟਾਂ-ਖੋਹਾਂ ਤੇ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਸਵਿਫਟ ਕਾਰ ਵਿਚ ਸਵਾਰ ਹੋ ਕੇ ਹੰਬਡ਼ਾਂ ਸਾਈਡ ਤੋਂ ਸਿੱਧਵਾਂ ਬੇਟ ਵੱਲ ਆ ਰਹੇ ਹਨ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਕੋਟਮਾਨ ਨਜ਼ਦੀਕ ਨਾਕਾਬੰਦੀ ਕਰ ਕੇ ਜਦ ਉਕਤ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚੋਂ 2 ਨੌਜਵਾਨ ਭੱਜ ਨਿਕਲੇ ਜਦਕਿ ਦੂਜੇ 2 ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਭੱਜਣ ਵਾਲਿਆਂ ਦੀ ਸ਼ਨਾਖਤ ਸਤਵੀਰ ਸਿੰਘ ਪੁੱਤਰ ਸਤਵਿੰਦਰਪਾਲ ਸਿੰਘ ਵਾਸੀ ਛੰਦਰਾਂ ਥਾਣਾ ਕੂਮ ਕਲਾਂ ਅਤੇ ਮਨਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬਾਮਨੀਵਾਲ ਥਾਣਾ ਮਹਿਲ ਕਲਾਂ ਵਜੋਂ ਹੋਈ ਹੈ, ਜਦਕਿ ਫਡ਼ੇ ਗਏ ਨੌਜਵਾਨ ਆਤਮਾ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮੀਨੀਆ ਥਾਣਾ ਬੱਧਨੀ ਕਲਾਂ ਅਤੇ ਮੱਖਣ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਾਣੂਕੇ ਥਾਣਾ ਹਠੂਰ ਦੇ ਦੱਸੇ ਗਏ ਹਨ। ਚੌਕੀ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਇਕ ਸਵਿਫਟ ਕਾਰ ਬਰਾਮਦ ਕੀਤੀ ਗਈ ਹੈ ਜੋ ਇਨ੍ਹਾਂ ਨੇ ਅੰਬਾਲਾ ਸਾਈਡ ਤੋਂ ਚੋਰੀ ਕੀਤੀ ਸੀ। ਕਾਰ ’ਤੇ ਨੰਬਰ ਪਲੇਟ ਵੀ ਜਾਅਲੀ ਲੱਗੀ ਹੋਈ ਸੀ।

ਪੁਲਸ ਨੂੰ ਕਾਰ ’ਚੋਂ ਕਈ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ। ਚੌਕੀ ਇੰਚਾਰਜ ਅਨੁਸਾਰ ਨਾਕੇ ਤੋਂ ਭੱਜਣ ਵਾਲੇ ਦੋਵੇਂ ਲੁਟੇਰੇ ਅੱਗੇ ਜਾ ਕੇ ਭੂੰਦਡ਼ੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਪਾਲ ਸਿੰਘ ਤੋਂ ਰਿਵਾਲਵਰ ਦੀ ਨੋਕ ’ਤੇ ਪਲਟੀਨਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਲੁੱਟਾਂ-ਖੋਹਾਂ, ਚੋਰੀ ਤੇ ਨਸ਼ਾ ਸਮਗਲਿੰਗ ਦਾ ਧੰਦਾ ਕਰਦੇ ਹਨ ਤੇ ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਣਾ ਸਤਵੀਰ ਨੇ ਕੁਝ ਦਿਨ ਪਹਿਲਾਂ ਦੋਰਾਹੇ ਵਿਖੇ ਇਕ ਸੁਨਿਅਾਰੇ ’ਤੇ ਵੀ ਫਾਇਰਿੰਗ ਕੀਤੀ ਸੀ। ਕਥਿਤ ਦੋਸ਼ੀਆਂ ਨੂੰ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਹੈ, ਜਿਸ ਦੌਰਾਨ ਪੁਲਸ ਨੂੰ ਇਨ੍ਹਾਂ ਕੋਲੋਂ ਕਈ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ। ਥਾਣਾ ਮੁਖੀ ਨੇ ਫਰਾਰ ਦੋਸ਼ੀਆਂ ਨੂੰ ਜਲਦੀ ਫੜ ਲੈਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਕਥਿਤ ਦੋਸ਼ੀਆਂ ’ਤੇ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News