ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਦਿਕ ਥਾਣੇ ਮੂਹਰੇ ਧਰਨਾ

08/09/2020 2:47:17 PM

ਸਾਦਿਕ (ਪਰਮਜੀਤ): ਪਿਛਲੇ ਦਿਨੀਂ ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਦੇ ਹਰਜੀਤ ਸਿੰਘ ਪੁੱਤਰ ਜੰਗ ਸਿੰਘ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਫਾਹਾ ਲੈ ਕੇ 3 ਅਗਸਤ ਨੂੰ ਆਤਮ ਹੱਤਿਆ ਕਰ ਲਈ ਸੀ। ਉਸ ਸਮੇਂ ਉਸ ਨੇ ਸੁਸਾਇਡ ਨੋਟ 'ਚ ਆਪਣੇ ਸਹੁਰਾ ਪਰਿਵਾਰ ਤੇ ਕੁਝ ਲੋਕਾਂ ਦੇ ਨਾਮ ਵੀ ਲਿਖੇ ਸਨ ਕਿ ਇਨ੍ਹਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਰਿਹਾ ਹੈ। ਆਤਮ ਹੱਤਿਆ ਦੀ ਥਾਣਾ ਸਾਦਿਕ ਵਿਖੇ ਇਤਲਾਹ ਦਿੱਤੀ ਗਈ ਸੀ ਕਿ ਪੁਲਸ ਨੇ ਪੋਸਟਮਾਰਟਮ ਵੀ ਕਰਵਾਇਆ ਪਰ ਅੱਜ ਤੱਕ ਕਥਿਤ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾ ਸਕੇ। 

ਇਸ ਮਾਮਲੇ 'ਚ ਸ਼ਾਮਲ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਜੈ ਭੀਮ ਸੇਵਾ ਦਲ ਦੇ ਆਗੂ ਪਰਮਜੀਤ ਸਿੰਘ ਡੋਡ ਅਤੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੇ ਆਗੂਆਂ ਦੀ ਅਗਵਾਈ 'ਚ ਥਾਣਾ ਸਾਦਿਕ ਮੂਹਰੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪਿੰਡ ਦੀਪ ਸਿੰਘ ਵਾਲਾ ਦਾ ਅਮਨਾ ਧੱਕੇ ਨਾਲ ਮ੍ਰਿਤਕ ਦੀ ਘਰਵਾਲੀ ਨਾਲ ਸਬੰਧ ਬਣਾਉਂਦਾ ਸੀ ਤੇ ਹਰਜੀਤ ਸਿੰਘ ਨੂੰ ਧਮਕਾ ਰਿਹਾ ਸੀ।

ਇਸ ਤੋਂ ਇਲਾਵਾ ਅਮਨਾ ਤੇ ਉਸ ਦੇ ਸਹੁਰਾ ਪਰਿਵਾਰ ਨੇ ਮਰਨ ਲਈ ਮਜਬੂਰ ਕੀਤਾ ਹੈ ਜਿਸ ਕਰਕੇ ਪੀੜਤ ਨੂੰ ਨਿਆ ਦਿਵਾਉਣ ਲਈ ਅੱਜ ਦਾ ਧਰਨਾ ਲਗਾਇਆ ਗਿਆ ਹੈ।ਜੇਕਰ ਪੁਲਸ ਨੇ ਦੋਸ਼ੀਆਂ ਨੂੰ ਚਾਰ ਦਿਨਾਂ ਦੇ ਅੰਦਰ-ਅੰਦਰ ਗ੍ਰਿਫਤਾਰ ਨਾ ਕੀਤਾ ਤਾਂ ਵਾਲਮੀਕ ਭਾਈਚਾਰਾ, ਬੀ.ਐੱਸ.ਪੀ ਅਤੇ ਜੈ ਭੀਮ ਸੇਵਾ ਦਲ ਦੇ ਕਾਰਕੁੰਨਾਂ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸਾਸ਼ਨ ਫਰੀਦਕੋਟ ਦੀ ਹੋਵੇਗੀ। ਇਸ ਮੌਕੇ ਬੀ.ਐੱਸ.ਪੀ ਆਗੂ ਲਛਮਣ ਸਿੰਘ ਬਿੰਦਰ ਸਿੰਘ ਭੀਮ, ਪੱਪੂ ਸਿੰਘ ਕੰਡਿਆਰਾ, ਦਰੋਗਾ ਸਿੰਘ, ਨਿਰਮਲ ਸਿੰਘ, ਜੱਗਾ ਸਿੰਘ, ਸੋਨਾ ਵੀ ਹਾਜ਼ਰ ਸਨ।

ਕੀ ਕਹਿੰਦੇ ਹਨ ਥਾਣਾ ਮੁਖੀ
ਇਸ ਮਾਮਲੇ ਸਬੰਧੀ ਜਦ ਥਾਣਾ ਮੁਖੀ ਰਾਜਬੀਰ ਸਿੰਘ ਸਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੱਸਿਆ ਕਿ ਮ੍ਰਿਤਕ ਦੇ ਭਰਾ ਸੁਖਦੀਪ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਸੀਤਾ ਕੌਰ, ਅਮਨਾ, ਭੋਲਾ ਸਿੰਘ ਤੇ ਹਰਮੇਸ਼ ਸਿੰਘ ਖਿਲਾਫ ਧਾਰਾ 306-34 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ ਤੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Shyna

This news is Content Editor Shyna