ਹਥਿਆਰਬੰਦ ਵਿਅਕਤੀਆਂ ਵਲੋਂ ਅੰਨ੍ਹਵਾਹ ਫਾਇਰਿੰਗ, ਦਾਦਾ-ਪੋਤਾ ਜ਼ਖਮੀ

09/13/2019 1:46:51 PM

ਮੋਗਾ (ਆਜ਼ਾਦ)—ਮੋਗਾ ਦੇ ਨੇੜਲੇ ਪਿੰਡ ਚੂਹੜਚੱਕ ਵਿਚ ਅੱਜ ਪੁਰਾਣੀ ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਅਜੇ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਦਕਿ ਉਸ ਦੇ ਦਾਦੇ ਬਲਵੀਰ ਸਿੰਘ ਦੇ ਮੋਢੇ ਨਾਲ ਛੂਹ ਕੇ ਗੋਲੀ ਨਿਕਲ ਗਈ ਅਤੇ ਉਹ ਵੀ ਜ਼ਖ਼ਮੀ ਹੋ ਗਿਆ। ਉਕਤ ਦੋਵਾਂ ਨੂੰ ਸਿਵਲ ਹਸਪਤਾਲ ਢੁੱਡੀਕੇ ਵਿਚ ਦਾਖਲ ਕਰਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਅਤੇ ਥਾਣਾ ਮੁਖੀ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਸਬੰਧ ਵਿਚ ਅਜੀਤਵਾਲ ਪੁਲਸ ਵਲੋਂ ਅਜੇ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਚੂਹੜਚੱਕ ਦੇ ਬਿਆਨਾਂ 'ਤੇ ਛਿੰਦੂ ਭੱਟੀ ਨਿਵਾਸੀ ਕੋਟ ਈਸੇ ਖਾਂ ਅਤੇ 8-9 ਅਣਪਛਾਤੇ ਹÎਥਿਆਰਬੰਦ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਫਰਵਰੀਂ 2019 ਨੂੰ ਕÎਥਿਤ ਦੋਸ਼ੀ ਛਿੰਦੂ ਭੱਟੀ ਦੀ ਇਕ ਰਿਸ਼ਤੇਦਾਰ ਲੜਕੀ ਨੂੰ ਅਜੇ ਸਿੰਘ ਕੋਲ ਰਹਿੰਦਾ ਇਕ ਲੜਕਾ ਸਾਗਰ ਸਿੰਘ ਭਜਾ ਕੇ ਲੈ ਗਿਆ ਸੀ ਪਰ ਬਾਅਦ ਵਿਚ ਪੰਚਾਇਤੀ ਤੌਰ 'ਤੇ ਉਨ੍ਹਾਂ ਦਾ ਸਮਝੌਤਾ ਹੋ ਗਿਆ ਸੀ ਅਤੇ ਲੜਕੀ ਆਪਣੇ ਘਰ ਵਾਪਸ ਚਲੀ ਗਈ ਸੀ, ਜਿਸ ਕਾਰਨ ਛਿੰਦੂ ਭੱਟੀ ਅਜੇ ਸਿੰਘ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਜੇ ਸਿੰਘ ਜੋ ਪਿੰਡ ਚੂਹੜਚੱਕ ਵਿਚ ਹੀ ਇਕ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਦਾ ਹੈ, ਦੇ ਘਰ ਛਿੰਦੂ ਭੱਟੀ ਆਪਣੇ ਨਾਲ 8-9 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਆ ਧਮਕਿਆ। ਉਹ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਅਜੇ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ, ਜਿਸ 'ਤੇ ਉਨ੍ਹਾਂ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਹÎਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਅਜੇ ਸਿੰਘ ਦੇ ਦਾਦਾ ਬਲਵੀਰ ਸਿੰਘ ਦੇ ਮੋਢੇ ਨਾਲ ਛੂਹ ਕੇ ਨਿਕਲ ਗਈ, ਜਿਸ 'ਤੇ ਉਹ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਪਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਗੱਡੀਆਂ ਦੇ ਨੰਬਰ ਵੀ ਟ੍ਰੇਸ ਕਰ ਲਏ ਗਏ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।

Shyna

This news is Content Editor Shyna