ਫਿਰੋਜ਼ਪੁਰ ਐਂਟੀ ਨਾਰਕੋਟਿਕਸ ਸੈੱਲ ਨੇ 64 ਕਰੋੜ 25 ਲੱਖ ਰੁਪਏ ਦੇ ਕੌਮਾਂਤਰੀ  ਮੁੱਲ ਦੀ ਹੈਰੋਇਨ ਕੀਤੀ ਬਰਾਮਦ

05/23/2021 6:01:14 PM

ਫਿਰੋਜ਼ਪੁਰ (ਕੁਮਾਰ, ਹਰਚਰਨ ਬਿੱਟੂ): ਐਂਟੀ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਇੰਸਪੈਕਟਰ ਐੱਸ.ਐੱਚ.ਓ. ਪਰਮਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਬੀ.ਐੱਸ.ਐੱਫ. 116 ਬਟਾਲੀਅਨ ਨਾਲ ਮਿਲ ਕੇ ਬੀ.ਓ.ਪੀ. ਬਸਤੀ ਰਾਮਲਾਲ ਦੇ ਏਰੀਆ ’ਚ ਜੁਆਇੰਟ ਅਪ੍ਰੇਸ਼ਨ ਦੌਰਾਨ 12 ਕਿਲੋ 850 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 64 ਕਰੋੜ 25 ਲੱਖ ਰੁਪਏ ਦੱਸੀ ਜਾਂਦੀ ਹੈ।

ਇਹ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ 19 ਮਈ 2021 ਨੂੰ ਪਰਮਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਹਰਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਗੰਦੂ ਕਿਲਚਾ ਨੂੰ 180 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਐੱਸ.ਪੀ. ਰਤਨ ਸਿੰਘ ਬਰਾੜ ਤੇ ਡੀ.ਐੱਸ.ਪੀ.ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਫੜ੍ਹੇ ਗਏ ਕਥਿਤ ਤਸਕਰ ਨੇ ਪੁਲਸ ਦੇ ਸਾਹਮਣੇ ਮੰਨਿਆ ਕਿ ਉਸਨੇ ਭਾਰਤ ਪਾਕਿ ਬਾਰਡਰ ਫਿਰੋਜ਼ਪੁਰ ਦੀ ਬੀ.ਓ.ਪੀ. ਬਸਤੀ ਰਾਮਲਾਲ ਦੇ ਏਰੀਆ ਵਿਚ ਕੰਟੀਲੀ ਤਾਰ ਦੇ ਕੋਲ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਕੇ ਲੁਕਾ ਕੇ ਰੱਖੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਤਸਕਰ ਦੀ ਨਿਸ਼ਾਨਦੇਹੀ ’ਤੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਤੇ ਬੀ.ਐੱਸ.ਐੱਫ. 116 ਬਟਾਲੀਅਨ ਨੇ ਜੁਆਇੰਟ ਅਪ੍ਰੇਸ਼ਨ ਕਰਦੇ ਹੋਏ ਗੇਟ ਨੰ: 179 ਬੁਰਜੀ ਨੰ: 179/2-ਐਸ ਦੇ ਕੋਲ ਪਲਾਸਟਿਕ ਦੀ ਬੋਰੀ ਵਿਚ ਛੁਪਾ ਕੇ ਰੱਖੀ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਫੜੇ ਗਏ ਤਸਕਰ ਦੇ ਖ਼ਿਲਾਫ਼ ਥਾਣਾ ਮਮਦੋਟ ਵਿਚ ਐੱਨ.ਡੀ.ਪੀ.ਐੱਸ.ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।


Shyna

Content Editor

Related News