ਜ਼ਿਲੇ ’ਚ ਇਕ ਹੋਰ ਵਿਅਕਤੀ ਨੂੰ ਕੋਰੋਨਾ ਦੀ ਪੁਸ਼ਟੀ

06/29/2020 7:48:59 PM

ਮੋਗਾ, (ਸੰਦੀਪ ਸ਼ਰਮਾ)- ਜ਼ਿਲੇ ’ਚ ਕੋਰੋਨਾ ਦਾ ਗ੍ਰਾਫ ਹੋਲੀ-ਹੋਲੀ ਵਧਦਾ ਹੀ ਜਾ ਰਿਹਾ ਹੈ, ਬੇਸ਼ੱਕ ਐਤਵਾਰ ਦਾ ਦਿਨ ਜ਼ਿਲਾ ਵਾਸੀਆਂ ਦੇ ਲਈ ਕੋਰੋਨਾ ਦੇ ਮਾਮਲੇ ’ਚ ਰਾਹਤ ਭਰਿਆ ਰਿਹਾ, ਕਿਉਂਕਿ ਐਤਵਾਰ ਨੂੰ ਕਿਸੇ ਵੀ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ, ਪਰ ਸੋਮਵਾਰ ਨੂੰ ਫਿਰ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲਾ ਵਾਸੀਆਂ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਪੀੜਤ ਵਿਅਕਤੀ ਕਸਬਾ ਬਾਘਾਪੁਰਾਣਾ ਨਾਲ ਸਬੰਧਤ ਹੈ ਅਤੇ ਵਰਤਮਾਨ ਸਮੇਂ ’ਚ ਉਹ ਫੋਰਟਿਸ ਹਸਪਤਾਲ ਲੁਧਿਆਣਾ ’ਚ ਭਰਤੀ ਹੈ, ਜਿੱਥੇ ਇਸ ਦਾ ਕੋਰੋਨਾ ਸੈਂਪਲ 27 ਜੂਨ ਨੂੰ ਲਿਆ ਗਿਆ ਸੀ, ਜਿਸ ਦੀ ਰਿਪੋਰਟ ਨਾਲ ਉਸਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੁੱਲ 98 ਕੋਰੋਨਾ ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 83 ਨੂੰ ਇਲਾਜ ਦੌਰਾਨ ਘਰ ਭੇਜ ਦਿੱਤਾ ਹੈ, ਉਥੇ ਜ਼ਿਲੇ ’ਚ ਦੋ ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 9 ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ 'ਚ ਕੁਆਰੰਟਾਈਨ ਕੀਤਾ ਗਿਆ ਹੈ, ਉਥੇ ਇਕ ਮਰੀਜ਼ ਪਟਿਆਲਾ ’ਚ, ਦੋ ਮਰੀਜ਼ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਵਿਚ ਅਤੇ ਅੱਜ ਸਾਹਮਣੇ ਆਉਣ ਵਾਲਾ ਮਰੀਜ ਫੋਰਟਿਸ ਹਸਪਤਾਲ ਲੁਧਿਆਣਾ ’ਚ ਜ਼ੇਰੇ ਇਲਾਜ ਹੈ। ਸਿਵਲ ਸਰਜਨ ਅਨੁਸਾਰ ਸੋਮਵਾਰ ਨੂੰ ਹੀ ਸਾਹਮਣੇ ਆਉਣ ਵਾਲੇ ਮਰੀਜ਼ ਦੀ ਚੈਨ ਵਾਲੇ ਅਤੇ ਕੁੱਝ ਹੋਰ ਸ਼ੱਕੀ 211 ਲੋਕਾਂ ਦੇ ਸੈਂਪਲ ਲੈ ਕੇ ਲੈਬ ਵਿਚ ਜਾਂਚ ਲਈ ਭੇਜੇ ਜਾ ਰਹੇ ਹਨ, ਜਿਨ੍ਹਾਂ ਸਮੇਤ ਹੀ ਵਿਭਾਗ ਨੂੰ ਹੁਣ 969 ਪੀੜਤਾਂ ਦੀ ਰਿਪੋਰਟ ਦੀ ਉਡੀਕ ਹੈ।

Bharat Thapa

This news is Content Editor Bharat Thapa