ਸਵਿਫਟ ਕਾਰ ਗਿਰੋਹ ਦੀ ਹੋਰ ਇੱਕ ਕਰਤੂਤ, ਬਜ਼ੁਰਗ ਮਹਿਲਾ ਤੋਂ ਸੋਨੇ ਦੀ ਬਾਲੀ ਲੁੱਟੀ

Wednesday, Nov 12, 2025 - 08:03 PM (IST)

ਸਵਿਫਟ ਕਾਰ ਗਿਰੋਹ ਦੀ ਹੋਰ ਇੱਕ ਕਰਤੂਤ, ਬਜ਼ੁਰਗ ਮਹਿਲਾ ਤੋਂ ਸੋਨੇ ਦੀ ਬਾਲੀ ਲੁੱਟੀ

ਹਲਵਾਰਾ (ਲਾਡੀ) : ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਝਪਟਮਾਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਤਾਜ਼ਾ ਮਾਮਲੇ ਵਿੱਚ ਸਵਿਫਟ ਕਾਰ ਸਵਾਰ ਗਿਰੋਹ ਨੇ ਦਿਨ ਦਿਹਾੜੇ ਇਕ ਬਜ਼ੁਰਗ ਮਹਿਲਾ ਤੋਂ ਸੋਨੇ ਦੀ ਬਾਲੀ ਝਪਟ ਲਈ ਅਤੇ ਮੌਕੇ ਤੋਂ ਰਫੂਚੱਕਰ ਹੋ ਗਏ। ਇਹ ਵਾਕਿਆ ਹਲਵਾਰਾ ਬਜ਼ਾਰ ‘ਚ ਵਾਪਰਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, 80 ਸਾਲਾ ਗੁਰਦੇਵ ਕੌਰ ਖਰੀਦਦਾਰੀ ਕਰਨ ਬਾਅਦ ਇੱਕ ਦੁਕਾਨ ਦੇ ਬਾਹਰ ਧੁੱਪ ਸੇਕ ਰਹੀ ਸੀ ਕਿ ਇਸ ਦੌਰਾਨ ਇੱਕ ਸਫ਼ੈਦ ਸਵਿਫਟ ਕਾਰ ਉਨ੍ਹਾਂ ਦੇ ਕੋਲ ਆ ਰੁਕੀ। ਕਾਰ ਵਿੱਚ ਬੈਠੀਆਂ ਦੋ ਔਰਤਾਂ ਨੇ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਨੂੰ ਨੇੜੇ ਬੁਲਾਇਆ। ਜਿਵੇਂ ਹੀ ਗੁਰਦੇਵ ਕੌਰ ਨੇੜੇ ਪਹੁੰਚੀ, ਇੱਕ ਔਰਤ ਨੇ ਫੁਰਤੀ ਨਾਲ ਉਨ੍ਹਾਂ ਦੀ ਸੋਨੇ ਦੀ ਬਾਲੀ ਝਪਟੀ ਤੇ ਕਾਰ ਸਮੇਤ ਫਰਾਰ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਗੁਰਦੀਪ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਖੰਘਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਥਾਣਾ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ ਗਿਰੋਹ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਇਲਾਕੇ ਵਿੱਚ ਝਪਟਮਾਰੀ ਅਤੇ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਤੇ ਪੁਲਸ ਪ੍ਰਸ਼ਾਸਨ ਨੂੰ ਰਾਤ-ਦਿਨ ਗਸ਼ਤ ਵਧਾਉਣੀ ਚਾਹੀਦੀ ਹੈ।


author

Hardeep Kumar

Content Editor

Related News