ਅਵਾਰਾ ਪਸ਼ੂਆਂ ਦਾ ਹੱਲ ਨਾ ਨਿਕਲਿਆ ਤਾਂ ਸਾਰੇ ਪਸ਼ੂ ਡੀ.ਸੀ. ਦਫਤਰ ''ਚ ਛੱਡਾਂਗੇ: ਕਿਸਾਨ ਯੂਨੀਅਨ

01/22/2020 1:29:49 PM

ਧਰਮਕੋਟ (ਸਤੀਸ਼): ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਧਰਮਕੋਟ ਸ਼ਹਿਰ ਦੇ ਕਿਸਾਨਾਂ ਦਾ ਇਕੱਠ ਹੋਇਆ। ਇਸ ਦੌਰਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਕਿਸਾਨ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬੀਜੀ ਕਣਕ ਦੀ ਫਸਲ ਨੂੰ ਆਵਾਰਾ ਪਸ਼ੂਆਂ ਵੱਲੋਂ ਖਰਾਬ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਿਸਾਨ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਖੇਤਾਂ 'ਚੋਂ ਕੱਢਦੇ ਹਨ ਤਾਂ ਇਹ ਆਵਾਰਾ ਪਸ਼ੂ ਕਿਸਾਨਾਂ ਦਾ ਜਾਨੀ ਨੁਕਸਾਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਇਸ ਸਮੱਸਿਆ ਸਬੰਧੀ ਲਿਆਂਦਾ ਗਿਆ ਹੈ ਪਰ ਇਸ ਵੱਲ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਸਮੱਸਿਆ ਵੱਲ ਧਿਆਨ ਨਾ ਦਿੱਤਾ ਅਤੇ ਸਾਨੂੰ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਨਾ ਦਿਵਾਇਆ ਤਾਂ ਅਸੀਂ ਸਾਰੇ ਆਵਾਰਾ ਪਸ਼ੂ ਫੜ੍ਹ ਕੇ ਡੀ.ਸੀ. ਦਫ਼ਤਰ ਮੋਗਾ ਵਿਖੇ ਛੱਡ ਆਵਾਂਗੇ। ਇਸ ਮੌਕੇ ਉਨ੍ਹਾਂ ਇਸ ਸਮੱਸਿਆ ਸਬੰਧੀ ਐਸ.ਡੀ.ਐਮ. ਧਰਮਕੋਟ ਅਤੇ ਡੀ.ਐੱਸ.ਪੀ. ਧਰਮਕੋਟ ਨੂੰ ਮੰਗ ਪੱਤਰ ਵੀ ਦਿੱਤਾ ਅਤੇ ਉਨ੍ਹਾਂ ਨਾਲ ਜਗਜੀਵਨ ਸਿੰਘ, ਕਮਲਜੀਤ ਸਿੰਘ, ਮਸਤਾਨ ਸਿੰਘ ,ਪ੍ਰੀਤਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।


Shyna

Content Editor

Related News