ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਪੰਡੋਰੀ ਨੂੰ ਦਿੱਤਾ ਮੰਗ-ਪੱਤਰ

03/27/2022 10:36:12 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ)-ਪਿਛਲੀਆਂ ਸਰਕਾਰਾਂ ਖ਼ਿਲਾਫ਼ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਵਰਕਰਾਂ ਨੇ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕਾਂ ਨੂੰ ਆਪਣੀਆਂ ਮੰਗਾਂ ਤੇ ਮਸਲਿਆਂ ਤੋਂ ਜਾਣੂ ਕਰਾਉਣ ਲਈ ਮੰਗ-ਪੱਤਰ ਦੇਣੇ ਸ਼ੁਰੂ ਕੀਤੇ। ਆਂਗਣਵਾੜੀ ਵਰਕਰ ਹੈਲਪਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਜਨਰਲ ਸਕੱਤਰ ਪਰਮਜੀਤ ਕੌਰ ਖੇੜੀ ਨੇ ਪਿੰਡ ਖੇੜੀ ਕਲਾਂ ਵਿਖੇ ਆਪਣੇ ਧੰਨਵਾਦੀ ਦੌਰੇ ’ਤੇ ਆਏ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਸੌਂਪਿਆ। ਆਂਗਣਵਾੜੀ ਵਰਕਰਾਂ ਨੇ ਮੰਗ ਪੱਤਰ ਰਾਹੀਂ ਅਪੀਲ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਪ੍ਰਾਇਮਰੀ ਅਧਿਆਪਕਾਂ ਦਾ ਦਰਜਾ ਤੇ ਉਨ੍ਹਾਂ ਦੇ ਮਾਣ-ਭੱਤੇ ਨੂੰ ਘੱਟੋ-ਘੱਟ ਉਜਰਤ ਵਾਲੇ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਵੇ। ਸੁਪਰਵਾਈਜ਼ਰ ਭਰਤੀ ਸਮੇਂ 25 ਪ੍ਰਤੀਸ਼ਤ ਬਾਹਰਲਾ ਕੋਟਾ ਹਟਾ ਕੇ ਆਂਗਣਵਾੜੀ ਵਰਕਰਾਂ ਨੂੰ ਹੀ ਵਿਚਾਰਿਆ ਜਾਵੇ, ਬੱਚਿਆਂ ਦੇ ਸਕੂਲ ’ਚ ਦਾਖਲੇ ਸਮੇਂ ਆਂਗਣਵਾੜੀ ਸਰਟੀਫਿਕੇਟ ਨੂੰ ਲਾਜ਼ਮੀ ਕੀਤਾ ਜਾਵੇ । ਇਨ੍ਹਾਂ ਮੰਗਾਂ ਤੋਂ ਇਲਾਵਾ ਰਾਸ਼ਨ ਬਣਾਉਣ ਲਈ ਪੈਸੇ ਤੇ ਆਪਣੇ ਟੀ. ਏ. ਡੀ. ਏ. ਦੇ ਵਾਧੇ ਦੀ ਵੀ ਮੰਗ ਕੀਤੀ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਵੱਡਾ ਐਲਾਨ, ਚੰਡੀਗੜ੍ਹ ’ਚ ਹੁਣ ਕੇਂਦਰੀ ਸਰਵਿਸ ਨਿਯਮ ਹੋਣਗੇ ਲਾਗੂ (ਵੀਡੀਓ)

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੇ ਮੰਗਾਂ ਮਸਲਿਆਂ ਨੂੰ ਹੱਲ ਕਰੇ ਤਾਂ ਜੋ ਉਨ੍ਹਾਂ ਨੂੰ ਮੁੜ ਸੰਘਰਸ਼ ਦਾ ਰਾਹ ਨਾ ਫੜਨਾ ਪਵੇ। ਜਥੇਬੰਦੀ ਦੇ ਸੂਬਾਈ ਪ੍ਰਧਾਨ ਨਰਿੰਦਰ ਕੌਰ ਕਮਾਲਪੁਰ ਨੇ ਇਕ ਵੱਖਰੇ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੰਜਾਬ ਭਰ ਅੰਦਰ ਜਿੱਥੇ ਸਾਰੇ ਹੀ ਵਿਧਾਇਕਾਂ ਨੂੰ ਆਪਣੀ ਜਥੇਬੰਦੀ ਵੱਲੋਂ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਰਾਹੀਂ ਮੰਗ ਪੱਤਰ ਸੌਂਪੇਗੀ, ਉੱਥੇ ਵੀ ਜਲਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਆਂਗਣਵਾਡ਼ੀ ਵਰਕਰਾਂ ਹੈਲਪਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। 


Manoj

Content Editor

Related News