ਆਂਗਣਵਾੜੀ ਯੂਨੀਅਨ ਵੱਲੋਂ ਵੱਖ-ਵੱਖ ਜ਼ਿਲ੍ਹਿਆ ''ਚ ਰੋਸ ਪ੍ਰਦਰਸ਼ਨ ਦਾ ਐਲਾਨ

10/17/2020 3:06:40 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ): ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਮੰਨਵਾਉਣ ਲਈ ਸੂਬੇ ਅੰਦਰ ਤਿੰਨ ਵੱਡੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ। ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਉਨ੍ਹਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਨਾ ਚੌਧਰੀ ਦੇ ਘਰ ਅੱਗੇ ਦੀਨਾਨਗਰ ਵਿਖੇ 8 ਨਵੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਦ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ 22 ਨਵੰਬਰ ਨੂੰ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਨ੍ਹਾਂ ਤਿੰਨਾਂ ਥਾਵਾਂ 'ਤੇ ਹੀ ਹਜ਼ਾਰਾਂ ਦੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪੁੱਜਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਕਤੂਬਰ 2018 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ 'ਚੋਂ ਕੱਟੇ ਗਏ ਕ੍ਰਮਵਾਰ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕਰਨ, ਪੋਸ਼ਣ ਅਭਿਆਨ ਤਹਿਤ ਉਤਸ਼ਾਹ ਵਰਧਕ ਰਾਸ਼ੀ 500 ਰੁਪਏ ਵਰਕਰ ਅਤੇ 250 ਰੁਪਏ ਹੈਲਪਰ, ਜੋ ਅਕਤੂਬਰ 2018 ਤੋਂ ਲਾਗੂ ਹੈ, ਦੀ ਅਦਾਇਗੀ ਏਰੀਅਰ ਸਮੇਤ ਕੀਤੀ ਜਾਵੇ, ਗਰਭਵਤੀ ਔਰਤਾਂ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦਾ ਫਾਰਮ ਭਰਨ ਲਈ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਪ੍ਰਤੀ ਫਾਰਮ ਜੋ ਦਸੰਬਰ 2017 ਤੋਂ ਲਾਗੂ ਹੈ, ਏਰੀਅਰ ਸਮੇਤ ਦਿੱਤੇ ਜਾਣ। ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਲਈ ਪੰਜਾਬ ਸਰਕਾਰ ਨੇ ਜੋ ਨਵੇਂ ਨਿਯਮ ਲਾਗੂ ਕੀਤੇ ਹਨ, ਉਸ ਵਿਚ ਇੰਟਰਵਿਊ ਦੇ ਨੰਬਰ ਨਾ ਰੱਖੇ ਜਾਣ। ਹੈਲਪਰ ਨੂੰ ਵਰਕਰ ਬਣਨ ਦੀ ਸ਼ਰਤ ਬੀ.ਏ. ਨਾ ਹੋਵੇ ਸਗੋਂ ਮੁੱਢਲੀ ਯੋਗਤਾ ਮੈਟ੍ਰਿਕ ਹੀ ਹੋਵੇ। ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਦੀਆਂ ਵਰਕਰਾਂ/ਹੈਲਪਰਾਂ ਦੀ ਤਰਜ 'ਤੇ ਮਾਣਭੱਤਾ ਦਿੱਤਾ ਜਾਵੇ।


Aarti dhillon

Content Editor

Related News