ਆਂਗਨਵਾੜੀ ਮੁਲਾਜ਼ਮ ਵਲੋਂ ਸ਼ਿਕਾਗੋ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਸ਼ਰਧਾ ਸੁਮਨ ਭੇਂਟ

05/01/2020 11:07:19 AM

ਸੰਗਰੂਰ (ਬੇਦੀ): ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲੇ ਦੀਆਂ ਭੈਣਾਂ ਨੇ ਅੱਜ 134ਵੇਂ ਮਈ ਦਿਹਾੜੇ ਮੌਕੇ ਆਪਣੇ ਘਰਾਂ 'ਤੇ ਸੀਟੂ ਦੇ ਝੰਡੇ ਲਹਿਰਾ ਕੇ ਅਤੇ ਸ਼ਹੀਦੀ ਸਮਾਰਕ ਬਣਾ ਕੇ ਸ਼ਿਕਾਗੋ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਹਨ। ਜਿਨ੍ਹਾਂ ਨੇ 1886 'ਚ ਸਾਮਰਾਜ ਅਤੇ ਸਰਮਾਏਦਾਰਾਂ ਦੀਆਂ ਮਾਨਵਤਾ ਵਿਰੋਧੀ ਨੀਤੀਆਂ ਦਾ ਮੂੰਹ ਤੋੜਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਸਾਨੂੰ ਸਨਮਾਨ ਨਾਲ ਅੱਠ ਘੰਟੇ ਕੰਮ ਦਾ ਅਧਿਕਾਰ ਦਿਵਾਇਆ। ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਂਟ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਅੱਜ ਸੰਸਾਰ ਦੇ ਬਾਕੀ ਦੇਸ਼ਾਂ ਵਾਂਗ ਸਾਡਾ ਦੇਸ਼ ਵੀ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਇਸ ਮਹਾਮਾਰੀ ਨੂੰ ਹਰਾਉਣ ਲਈ ਸਾਡੇ ਡਾਕਟਰ ਪੈਰਾ ਮੈਡੀਕਲ ਸਟਾਫ਼, ਪੁਲਸ,ਆਸ਼ਾ ਭੈਣਾਂ,ਆਂਗਨਵਾੜੀ ਵਰਕਰ ਹੈਲਪਰ ਭੈਣਾਂ,ਸਫ਼ਾਈ ਕਰਮਚਾਰੀ ਕੋਰੋਨਾ ਦੇ ਯੋਧੇ ਬਣ ਕੇ ਫਰੰਟ ਲਾਈਨ ਤੇ ਜਾਨ ਤਲੀ ਤੇ ਧਰ ਕੰਮ ਕਰ ਰਹੇ ਹਨ। ਅਸੀਂ ਉਨ੍ਹਾਂ ਸਾਰਿਆਂ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸਲੂਟ ਕਰਦੇ ਹਾਂ । ਡਬਲਿਊ.ਐੱਚ.ਓ. ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸੀਟੂ ਵਲੋਂ ਅੱਜ ਦਾ ਇਹ ਮਹਾਨ ਦਿਹਾੜਾ ਆਪਣੇ-ਆਪਣੇ ਘਰਾਂ 'ਚ ਰਹਿ ਕੇ ਵਿਅਕਤੀਗਤ ਦੂਰੀ ਦਾ ਧਿਆਨ ਰੱਖਦੇ ਹੋਏ ਮਨਾਉਣ ਦਾ ਉਪਰਾਲਾ ਕੀਤਾ ਹੈ।

ਅੱਜ ਦੇ ਇਸ ਮਹਾਨ ਦਿਹਾੜੇ 'ਤੇ ਕਿਰਤੀਆਂ ਦੇ ਅਧਿਕਾਰਾਂ ਲਈ ਲੜਨ ਵਾਲੇ ਸਾਰੇ ਮਹਾਨ ਯੋਧਿਆਂ ਨੂੰ ਯਾਦ ਕਰਦੇ ਹੋਏ ਅਤੇ ਉਨ੍ਹਾਂ ਦੇ ਪਾਏ ਪੂਰਨੇ 'ਤੇ ਚੱਲਣ ਦੀ ਪ੍ਰਤਿਗਿਆ ਲੈਂਦੇ ਹੋਏ ਕਿਹਾ ਕਿ ਅੱਜ ਸਰਕਾਰ ਇਸ ਮਹਾਮਾਰੀ ਦੀ ਆੜ 'ਚ ਕਿਰਤੀਆਂ ਵਿਰੋਧੀ ਨੀਤੀਆਂ ਘੜ ਰਹੀ ਹੈ । ਅੱਠ ਘੰਟੇ ਦੀ ਬਜਾਏ ਬਾਰਾਂ ਘੰਟੇ ਡਿਊਟੀ ਕਰਨ ਦਾ ਐਲਾਨ ਘੜ ਮਾਰਿਆ ਹੈ ਜੋ ਹਰ ਕਿਰਤੀ ਖੇਤ ਮਜ਼ਦੂਰ ਅਤੇ ਫੈਕਟਰੀ ਕਾਮਿਆਂ ਨੂੰ ਅਤਿ ਪ੍ਰਭਾਵਿਤ ਕਰੇਗਾ 41 ਦੀਆਂ ਕਿਸ਼ਤਾਂ 'ਚ ਕਟੌਤੀ ਅਤੇ ਰਿਟਾਇਰ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਉੱਤੇ ਰੋਕ ਲਗਾ ਦਿੱਤੀ ਹੈ। ਸਾਡਾ ਸੰਵਿਧਾਨ ਜੋ ਇੱਕ ਧਰਮ ਨਿਰਪੱਖ ਅਤੇ ਸਮਾਜਵਾਦੀ ਜਮਹੂਰੀਅਤ ਅਤੇ ਇਨਸਾਫ ਦੀ ਗਰੰਟੀ ਕਰਦਾ ਹੈ।ਫਿਰਕਾਪ੍ਰਸਤ ਤਾਕਤਾਂ ਵੱਲੋਂ ਉਸ ਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਦੇਸ਼ ਦੀ ਧਰਮ ਨਿਰਪੱਖਤਾ ਲਈ ਇੱਕ ਵੱਡਾ ਖਤਰਾ ਹੈ। ਇਸ ਮਈ ਦੇ ਮਹਾਨ ਦਿਹਾੜੇ ਉੱਤੇ ਪ੍ਰਤਿਗਿਆ ਕੀਤੀ ਗਈ ਕਿ ਸਰਕਾਰ ਦੀਆਂ ਜਨਤਕ ਵਿਰੋਧੀ ਨੀਤੀਆਂ ਖਿਲਾਫ ਡੱਟ ਕੇ ਸੰਘਰਸ਼ ਵਿੱਢਾਂਗੇ ਅਤੇ ਸੰਵਿਧਾਨ ਦੀ ਰਾਖੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਾਂਗੇ। ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਪ੍ਰਾਪਤ ਕੀਤੇ ਕਿਰਤੀ ਅਧਿਕਾਰਾਂ ਨੂੰ ਖ਼ਤਮ ਨਹੀਂ ਕਰਨ ਦਿੱਤਾ ਜਾਵੇਗਾ।

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਜੋ ਐਡਵਾਈਜ਼ਰੀ ਬੋਰਡ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਕੰਮ ਕਰਦੀਆਂ ਹਨ ਪਿਛਲੇ ਚਾਰ ਮਹੀਨੇ ਤੋਂ ਮਾਣ ਭੱਤੇ ਨਹੀਂ ਦਿਤੇ ਗਏ ਅਤੇ ਪੂਰੇ ਪੰਜਾਬ ਦੀਆਂ ਵਰਕਰ ਅਤੇ ਹੈਲਪਰ ਨੂੰ ਦੋ ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ। ਭੁੱਖੇ ਪੇਟ ਕੰਮ ਕਰਨ ਲਈ ਮਜਬੂਰ ਹਨ। ਲੋਕ ਡਾਊਨ ਦੇ ਚੱਲਦਿਆਂ ਘਰਾਂ ਦੇ ਗੁਜ਼ਾਰੇ ਮੁਸ਼ਕਲ ਹੋ ਗਏ ਹਨ।


Shyna

Content Editor

Related News