ਡਾਕਟਰਾਂ ''ਤੇ ਲਗਾਏ ਮਰੀਜ਼ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼

05/10/2020 6:51:50 PM

ਕੁਰਾਲੀ (ਬਠਲਾ) : ਪਿੰਡ ਚਨਾਲੋ ਦੇ ਫੋਕਲ ਪੁਆਇੰਟ ਵਿਚ ਹੋਏ ਇਕ ਝਗੜੇ ਦੌਰਾਨ ਜ਼ਖ਼ਮੀ ਸਾਬਕਾ ਸੇਵਾਦਾਰ ਦੇ ਮੁੰਡੇ ਨੂੰ ਇਲਾਜ ਲਈ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਹਸਪਤਾਲਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਸੀ। ਉਨ੍ਹਾਂ ਡਾਕਟਰਾਂ ਉੱਤੇ ਸਿਆਸੀ ਦਬਾਅ ਵਿਚ ਆਕੇ ਤੰਗ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਵਲੋਂ ਜਾਣਬੂਝ ਕੇ ਹਸਪਤਾਲ ਵਿਚੋਂ ਡਿਸਚਾਰਜ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸੇਵਾਦਾਰ ਕੁਲਵੰਤ ਕੌਰ ਪਾਬਲਾ, ਗੁਰਮੇਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਵਿਚ ਉਨ੍ਹਾਂ ਦਾ ਝਗੜਾ 29 ਅਪ੍ਰੈਲ ਨੂੰ ਹੋਇਆ ਸੀ । ਉਨ੍ਹਾਂ ਦੱਸਿਆ ਕਿ ਇਸ ਝਗੜੇ ਵਿਚ ਉਨ੍ਹਾਂ ਦੇ ਮੂੰਡੇ ਜਗਦੀਪ ਸਿੰਘ ਦੇ ਪੈਰ ਦੀ ਹੱਡੀ ਟੁੱਟ ਗਈ, ਜਿਸ ਕਾਰਨ ਜਗਦੀਪ ਸਿੰਘ ਨੂੰ ਪਹਿਲਾਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਅਤੇ ਫਿਰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ । ਕੁਲਵੰਤ ਕੌਰ ਅਤੇ ਹੋਰ ਨੇ ਦੱਸਿਆ ਕਿ ਫੈਕਚਰ ਆਉਣ ਕਾਰਨ ਪਲਸਤਰ ਲਈ ਖਰੜ ਦੇ ਹਸਪਤਾਲ ਭੇਜਿਆ ਗਿਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਿਨਾਂ ਪਲਸਤਰ ਦੇ ਹੀ ਵਾਪਸ ਭੇਜ ਦਿੱਤਾ।

ਕੁਲਵੰਤ ਕੌਰ ਨੇ ਦੱਸਿਆ ਕਿ 1 ਮਈ ਤੋਂ ਉਹ ਕੁਰਾਲੀ ਹਸਪਤਾਲ ਤੋਂ ਲਗਾਤਾਰ ਸੀਟੀ ਸਕੈਨ ਕਰਵਾਉਣ ਲਈ ਮੋਹਾਲੀ ਦੇ ਨਾਲ ਸੰਪਰਕ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਦਾ ਸੀਟੀ ਸਕੈਨ ਨਹੀਂ ਹੋਇਆ, ਫਿਰ ਚੰਡੀਗੜ੍ਹ ਦੇ ਸੈਕਟਰ-16 ਜਾਂ ਪੀ. ਜੀ. ਆਈ. ਵਿਚ ਸਕੈਨ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਜਦੋਂ ਉਨ੍ਹਾਂ ਕੁਰਾਲੀ ਹਸਪਤਾਲ ਦੇ ਡਾਕਟਰਾਂ ਉੱਤੇ ਇਤਰਾਜ ਜਤਾਇਆ ਤਾਂ ਉਨ੍ਹਾਂ ਨੇ ਹਸਪਤਾਲ ਵਿਚੋਂ ਡਿਸਚਾਰਜ ਕਰਕੇ ਆਪਣੇ ਪੱਧਰ ਉੱਤੇ ਸੀਟੀ ਸਕੈਨ ਕਰਵਾਉਣ ਦੀ ਸਲਾਹ ਦੇ ਕੇ ਭੇਜ ਦਿੱਤਾ । ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਅਧੀਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨਾਂ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ ।

ਇਸ ਸਬੰਧੀ ਸੰਪਰਕ ਕਰਨ 'ਤੇ ਹਸਪਤਾਲ ਦੇ ਐੱਸ. ਐੱਮ. ਓ. ਡਾ. ਭੁਪਿੰਦਰ ਸਿੰਘ ਨੇ ਸਿਆਸੀ ਦਬਾਅ ਵਿਚ ਕੰਮ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਲਾਜ ਵਿਚ ਕੋਈ ਦੇਰੀ ਨਹੀਂ ਹੋਈ ਅਤੇ ਨਾ ਹੀ ਮਰੀਜ ਨੂੰ ਤੰਗ ਪ੍ਰੇਸ਼ਾਨ ਕੀਤਾ। ਉਨ੍ਹਾਂ ਕਿਹਾ ਕਿ ਸੀਟੀ ਸਕੈਨ ਚੰਡੀਗੜ੍ਹ ਹਸਪਤਾਲ ਵਿਚ ਹੋਣਾ ਸੀ ਅਤੇ ਉਨ੍ਹਾਂ ਵਲੋਂ ਰਿਪੋਰਟ ਮਿਲਣੀ ਹੈ, ਜਿਸ ਨੂੰ ਵੇਖਦੇ ਹੋਏ ਹੀ ਜਗਦੀਪ ਸਿੰਘ ਨੂੰ ਡਿਸਚਾਰਜ ਕਰ ਦਿੱਤਾ ਗਿਆ।






 


Anuradha

Content Editor

Related News