ਸ਼ਰਾਬੀਆਂ ਦੇ ਸਬਰ ਦਾ ਪਿਆਲਾ ਟੁੱਟਿਆ, ਤਾਲਾ ਤੋੜ ਕੇ ਠੇਕਾ ਲੁੱਟਿਆ

05/19/2019 7:48:42 PM

ਰਾਜਪੁਰਾ, (ਚਾਵਲਾ, ਨਿਰਦੋਸ਼)- ਚੋਣਾਂ ਤੋਂ 2 ਦਿਨ ਪਹਿਲਾਂ 17 ਮਈ ਦੀ ਸ਼ਾਮ ਨੂੰ 6 ਵਜੇ ਤੋਂ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਐਕਸਾਈਜ਼ ਵਿਭਾਗ ਵੱਲੋਂ ਸੀਲ ਕਰ ਦਿੱਤੇ ਗਏ ਸਨ। ਸ਼ੌਕੀਨਾਂ ਨੂੰ ਸ਼ਰਾਬ ਨਾ ਮਿਲਣ ਨੂੰ ਅਜੇ ਇਕ ਹੀ ਦਿਨ ਬੀਤਿਆ ਸੀ ਕਿ ਇਹਾਂ ਦੇ ਸਬਰ ਦਾ ਬੰਨ੍ਹ ਆਖਰ ਟੁੱਟ ਗਿਆ। 'ਲਾਲ ਪਰੀ' ਪਾਉਣ ਦੀ ਲਾਲਸਾ 'ਚ ਇਨ੍ਹਾਂ ਨੇੜਲੇ ਪਿੰਡ 'ਚ ਇਕ ਠੇਕੇ ਦਾ ਤਾਲਾ ਤੋੜ ਕੇ ਇਥੇ ਪਈ ਸ਼ਰਾਬ ਲੁੱਟ ਲਈ।
ਠੇਕੇਦਾਰ ਅਜੇ ਕੁਮਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜ਼ੋਨ ਨੰਬਰ 3 ਪਿੰਡ ਮੰਡਵਾਲ 'ਚ ਸ਼ਰਾਬ ਦਾ ਠੇਕਾ ਹੈ। ਚੋਣਾਂ ਤੋਂ 2 ਦਿਨ ਪਹਿਲਾਂ ਐਕਸਾਈਜ਼ ਵਿਭਾਗ ਵੱਲੋਂ ਤਾਲਾ ਲਾ ਕੇ ਠੇਕਾ ਸੀਲ ਕਰ ਦਿੱਤਾ ਗਿਆ ਸੀ। ਬੀਤੀ ਰਾਤ ਕਿਸੇ ਜਾਣਕਾਰ ਤੋਂ ਇਨ੍ਹਾਂ ਨੂੰ ਸੂਚਨਾ ਮਿਲੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਦੇ ਠੇਕੇ 'ਚ ਪਈ ਸ਼ਰਾਬ ਲੁੱਟ ਲਈ ਹੈ। ਜਦੋਂ ਰਾਤ ਦੇ ਸਮੇਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਠੇਕੇ ਦਾ ਤਾਲਾ ਟੁੱਟਿਆ ਹੋਇਆ ਸੀ। ਸ਼ਰਾਬ ਨੂੰ ਚੋਰੀ ਕਰ ਲਈ ਗਈ ਸੀ। ਇਸ 'ਤੇ ਉਨ੍ਹਾਂ ਪੁਲਸ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਸੁਰਜੀਤ ਸਿੰਘ ਢਿੱਲੋਂ ਤੇ ਹੋਰ ਮੌਕੇ ਪਹੁੰਚ ਗਏ। ਇਨ੍ਹਾਂ ਵੱਲੋਂ ਵੱਡੇ ਅਧਿਕਾਰੀਆਂ ਨੂੰ ਸੂਚਤ ਕੀਤੇ ਜਾਣ ਤੋਂ ਬਾਅਦ ਠੇਕੇ ਨੂੰ ਮੁੜ ਤਾਲਾ ਲਾ ਕੇ ਸੀਲ ਕਰ ਦਿੱਤਾ ਗਿਆ। ਸਬੰਧਤ ਥਾਣੇ ਦੇ ਐੈੱਸ. ਐੈੱਚ. ਓ. ਥਾਣਾ ਖੇੜੀ ਗੰਡਿਆਂ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲ ਗਈ ਹੈ। ਇਸ ਸਮੇਂ ਉਹ ਲੋਕ ਸਭਾ ਚੋਣਾਂ 'ਚ ਰੁੱਝੇ ਹੋਏ ਹਨ। ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।       

ਸ਼ਰਾਬੀਆਂ ਨੇ ਵਿਖਾਈ ਈਮਾਨਦਾਰੀ!
ਠੇਕੇ ਨੂੰ ਲੁੱਟਣ ਦੀ ਇਸ ਘਟਨਾ ਵਿਚ ਬੇਹੱਦ ਦਿਲਚਸਪ ਗੱਲ ਇਹ ਰਹੀ ਕਿ ਪਿਆਕੜਾਂ ਨੇ ਬੇਹੱਦ ਈਮਾਨਦਾਰੀ ਵਿਖਾਉਂਦਿਆਂ ਜਿੰਨੀ ਉਸ ਸਮੇਂ ਪੀਣ ਦੀ ਜ਼ਰੂਰਤ ਸੀ, ਓਨੀ ਹੀ ਸ਼ਰਾਬ 'ਤੇ ਹੱਥ ਸਾਫ਼ ਕੀਤਾ। ਦੂਜੀ ਉਨ੍ਹਾਂ ਅੰਗਰੇਜ਼ੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ। ਸਗੋਂ ਪੀਣ ਦੀ ਲਾਲਸਾ ਨੂੰ ਦੇਸੀ ਸ਼ਰਾਬ ਨਾਲ ਹੀ ਪੂਰਾ ਕੀਤਾ। ਆਪਣੀ ਜ਼ਰੂਰਤ ਪੂਰੀ ਕਰ ਕੇ ਬਾਕੀ ਦੀ ਸ਼ਰਾਬ ਜਿਵੇਂ ਦੀ ਤਿਵੇਂ ਛੱਡ ਕੇ ਉਥੋਂ ਭੱਜ ਗਏ। ਮੌਕੇ 'ਤੇ ਪੁੱਜੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਉਨ੍ਹਾਂ ਦੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਲਗਦਾ ਹੈ ਕਿ ਮੌਕਾ ਵੇਖ ਕੇ ਅਣਪਛਾਤੇ ਸ਼ਰਾਬੀਆਂ ਨੇ ਨਸ਼ੇ ਦੀ ਤਲਬ ਨੂੰ ਪੂਰਾ ਕਰਨ ਲਈ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

KamalJeet Singh

This news is Content Editor KamalJeet Singh