ਪੀਰ ਮੁਹੰਮਦ ਨੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ''ਤੇ ਲਗਾਏ ਗੰਭੀਰ ਦੋਸ਼

05/10/2020 1:42:00 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ 8 ਹੋਰ ਪੁਲਸ ਮੁਲਾਜ਼ਮਾਂ ਖਿਲਾਫ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਦੇ ਪੁੱਤਰ ਨੂੰ ਅਗਵਾ ਕਰਨ ਦੇ 29 ਸਾਲ ਪੁਰਾਣੇ ਕੇਸ 'ਚ ਪੰਜਾਬ ਪੁਲਸ ਨੇ ਕੇਸ ਦਰਜ ਕੀਤਾ ਹੈ ਅਤੇ ਇਸ ਕੇਸ ਸਬੰਧੀ ਸੈਣੀ ਦੀ ਅਗਾਊਂ ਜ਼ਮਾਨਤ ਦੀ ਪੈਰਵੀ ਅਕਾਲੀ ਦਲ ਬਾਦਲ ਦੇ ਪੈਰੋਕਾਰ ਇਕ ਪਿਓ-ਪੁੱਤਰ ਵਲੋਂ ਕੀਤੀ ਜਾ ਰਹੀ ਹੈ, ਜੋ ਕਿ ਸਿੱਖ ਕੌਮ ਨਾਲ ਬੇਇਨਸਾਫੀ ਹੈ। ਇਥੇ ਪਾਰਟੀ ਮੁੱਖ ਦਫ਼ਤਰ ਤੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ 'ਤੇ ਗੰਭੀਰ ਦੋਸ਼ ਲਾਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ 8 ਹੋਰ ਵਿਅਕਤੀਆਂ ਨੂੰ 29 ਸਾਲ ਪੁਰਾਣੇ ਇਕ ਕੇਸ 'ਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਦੋਸ਼ ਅਧੀਨ ਮੋਹਾਲੀ ਦੇ ਮਟੌਰ ਥਾਣੇ 'ਚ ਨਾਮਜ਼ਦ ਕੀਤਾ ਗਿਆ ਹੈ ਅਤੇ ਸਿੱਖ ਗੁਰਦੁਆਰਾ ਨਿਆਂਇਕ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਅਤੇ ਉਨ੍ਹਾਂ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ ਨੇ ਸ਼ੁੱਕਰਵਾਰ ਨੂੰ ਮੋਹਾਲੀ ਦੀ ਅਦਾਲਤ 'ਚ ਸੁਮੇਧ ਸੈਣੀ ਲਈ ਕਾਨੂੰਨੀ ਵਕੀਲ ਵਜੋਂ ਪੇਸ਼ ਹੋ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇੱਥੇ ਵਰਨਣਯੋਗ ਹੈ ਕਿ ਸਤਨਾਮ ਸਿੰਘ ਕਲੇਰ ਸ਼੍ਰੋਮਣੀ ਕਮੇਟੀ 'ਚ ਬਾਦਲ ਪਰਿਵਾਰ ਦੇ ਰਹਿਮੋ ਕਰਮ 'ਤੇ ਵੱਖ-ਵੱਖ ਅਹੁਦਿਆਂ ਤੇ ਅਨੰਦ ਮਾਣ ਚੁੱਕਿਆ ਹੈ ਅਤੇ ਇਸਦਾ ਲੜਕਾ ਅੱਜ ਵੀ ਅਕਾਲੀ ਦਲ ਬਾਦਲ ਦਾ ਬੁਲਾਰਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਪਿਓ-ਪੁੱਤਰਾਂ ਵਲੋਂ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਸੈਣੀ ਦਾ ਕੇਸ ਲੜਿਆ ਜਾ ਰਿਹਾ ਸੀ ਪਰ ਬਾਅਦ 'ਚ ਸਿੱਖ ਸੰਗਤਾਂ 'ਚ ਵਧ ਰਹੇ ਰੋਸ ਨੂੰ ਦੇਖਦਿਆਂ ਕੇਸ ਨਾ ਲੜਨ ਦਾ ਫੈਸਲਾ ਲੈ ਲਿਆ ਗਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਸਿੱਖ ਕੌਮ ਦਾ ਮੁੱਢ ਤੋਂ ਹੀ ਨੁਕਸਾਨ ਕਰਦਾ ਆਇਆ ਹੈ, ਜਿਵੇਂ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਉਸ ਵੇਲੇ ਦੇ ਡੀ. ਜੀ. ਪੀ. ਸੁਮੇਧ ਸੈਣੀ ਵਲੋਂ ਗੋਲੀਆਂ ਚਲਾ ਕੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਵਾਇਆ ਗਿਆ। ਹੁਣ ਬਾਦਲ ਪਰਿਵਾਰ ਵਲੋਂ ਸੁਮੇਧ ਸੈਣੀ ਦਾ ਹਰ ਤਰ੍ਹਾਂ ਨਾਲ ਸਾਥ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖ ਕੌਮ ਨੂੰ ਹੁਣ ਵੀ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁੱਦੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਤਾਂ ਜੋ ਦੁਨੀਆ ਭਰ 'ਚ ਵਸਦੇ ਸਿੱਖਾਂ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਬਾਦਲ ਪਰਿਵਾਰ ਦੀ ਸ਼੍ਰੋਮਣੀ ਕਮੇਟੀ 'ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈ।


Anuradha

Content Editor

Related News