ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵਿਵਾਦ ਦਾ ਹੱਲ ਕਰਨ ਲਈ ਪਹਿਲਕਦਮੀ ਕਰਨ : ਬੀਰ ਦਵਿੰਦਰ

02/06/2020 1:19:59 PM

ਪਟਿਆਲਾ (ਰਾਜੇਸ਼): ਸਿੱਖ ਵਿਦਵਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਦਮਦਮੀ ਟਕਸਾਲ ਅਤੇ ਕੁੱਝ ਹੋਰ ਪੰਥਕ ਜਥੇਬੰਦੀਆਂ ਦਾ ਆਪਸੀ ਟਕਰਾਅ ਬਹੁਤ ਹੀ ਮੰਦਭਾਗਾ ਹੈ। ਵਡੇਰੇ ਪੰਥਕ ਹਿਤਾਂ ਲਈ ਇਸ ਟਕਰਾਅ ਨੂੰ ਤੁਰੰਤ ਵਿਰਾਮ ਦੇਣਾ ਚਾਹੀਦਾ ਹੈ। ਉਲਝੀ ਤਾਣੀ ਨੂੰ ਗੁਰੂ ਆਸ਼ਿਆਂ ਅਨੁਸਾਰ ਪ੍ਰਸਪਰ ਸੰਵਾਦ ਨਾਲ ਹੱਲ ਕਰਨਾ ਚਾਹੀਦਾ ਹੈ।

ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ 'ਚ ਕੋਈ ਨਿੱਗਰ ਪਹਿਲਕਦਮੀ ਕਰਨੀ ਚਾਹੀਦੀ ਹੈ। ਅੱਜ ਸਿੱਖ ਧਰਮ ਸੰਸਾਰ ਦਾ ਪੰਜਵੇਂ ਵੱਡੇ ਧਰਮ ਦੇ ਰੂਪ 'ਚ ਸਥਾਪਤ ਹੋ ਚੁੱਕਾ ਹੈ। ਵਿਸ਼ਵ ਧਰਮ ਹੋਣ ਦੀ ਹੈਸੀਅਤ 'ਚ ਸਿੱਖ ਧਰਮ ਦੀ ਸਰਬ-ਪ੍ਰਵਾਨਤ ਕੇਂਦਰੀ ਮਰਿਆਦਾ ਨੂੰ ਲਾਗੂ ਕਰਨ 'ਤੇ ਵੀ ਬਲ ਦੇਣ ਦੀ ਜ਼ਰੂਰਤ ਹੈ। ਸਿੱਖ ਟਕਸਾਲਾਂ, ਸਿੱਖ ਸੰਤਾਂ ਅਤੇ ਸਿੱਖ ਡੇਰਿਆਂ 'ਚ ਬਹੁਤੇ ਬਖੇੜੇ ਤਾਂ ਕੇਂਦਰੀ ਸਿੱਖ ਰਹਿਤ ਮਰਿਅਦਾ ਦੇ ਲਾਗੂ ਨਾ ਹੋਣ ਕਾਰਣ ਹੀ ਹਨ। ਇਹ ਮਾਮਲਾ ਤਖਤ ਸਾਹਿਬਾਨ ਦੇ ਸਿੰਘ ਸਾਹਿਬ ਆਪਸੀ ਵਿਚਾਰ-ਗੋਸ਼ਟੀਆਂ ਰਾਹੀਂ ਸੁਲਝਾਅ ਸਕਦੇ ਹਨ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵੀ ਠਰ੍ਹੰਮੇ ਤੋਂ ਕੰਮ ਲੈਣਾ ਚਾਹੀਦਾ ਹੈ। ਗੁਰੂ-ਕਾਲ ਤੋਂ ਸਥਾਪਤ ਸੰਸਥਾਵਾਂ ਦਾ ਜ਼ਿਕਰ ਬੇਹੱਦ ਆਦਰ ਨਾਲ ਕਰਨਾ ਚਾਹੀਦਾ ਹੈ। ਸਾਰੀਆਂ ਹੀ ਧਿਰਾਂ ਨੂੰ ਇਕ-ਦੂਸਰੇ 'ਤੇ ਸ਼ਬਦੀ ਵਾਰ ਕਰਨ ਸਮੇਂ ਕੁਟਿਲ, ਤੁਰਸ਼ ਅਤੇ ਵਿਸ਼ੈਲੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਜੇ ਕੋਈ ਛੋਟੇ ਜਾਂ ਵੱਡੇ ਵਖਰੇਵੇਂ ਹਨ ਤਾਂ ਉਨ੍ਹਾਂ ਨੂੰ ਗੱਲਬਾਤ ਰਾਹੀਂ ਨਜਿੱਠਣਾ ਚਾਹੀਦਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਹੋਰ ਵਧੇਰੇ ਸਾਕਾਰਾਤਮਕ ਉਪਰਾਲੇ ਕਰਨੇ ਚਾਹੀਦੇ ਹਨ।


Shyna

Content Editor

Related News