ਅਕਾਲ ਤਖਤ ਦੇ ਜਥੇਦਾਰ ਦੇ ਬਿਆਨ ''ਤੇ ਅਕਾਲੀ ਦਲ ਤੇ ਭਾਜਪਾ ਆਪਣੀ ਰਾਏ ਸਪੱਸ਼ਟ ਕਰਨ: ਚੀਮਾ

06/07/2020 4:55:06 PM

ਦਿੜਬਾ ਮੰਡੀ (ਅਜੈ): ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਖਾਲਿਸਤਾਨ ਦੇ ਹੱਕ 'ਚ ਦਿੱਤਾ ਗਿਆ ਬਿਆਨ ਉਨ੍ਹਾਂ ਦਾ ਨਿੱਜੀ ਹੈ ਜਾਂ ਫਿਰ ਇਹ ਬਿਆਨ ਅਕਾਲੀ ਦਲ ਦੇ ਕਹਿਣ ਤੇ ਦਿੱਤਾ ਗਿਆ ਹੈ। ਇਸ ਗੱਲ ਨੂੰ ਭਾਜਪਾ ਅਤੇ ਅਕਾਲੀ ਦਲ ਦੀ ਲੀਡਰ ਸਪਸ਼ਟ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਦਿੜਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ।

ਉਸ ਬਾਰੇ ਉਨ੍ਹਾਂ ਦੀ ਟਿੱਪਣੀ ਕਰਨੀ ਠੀਕ ਨਹੀਂ ਹੈ। ਇਸ ਬਿਆਨ ਬਾਰੇ ਅਕਾਲੀ ਦਲ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਆਪਣੀ ਸਥਿਤੀ ਸਪੱਸ਼ਟ ਕਰਨ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦੇ ਬਿਆਨ ਨਾਲ ਆਮ ਆਦਮੀ ਪਾਰਟੀ ਦਾ ਕੋਈ ਸਬੰਧ ਨਹੀਂ ਹੈ। ਪੰਜਾਬ ਪਹਿਲਾਂ ਹੀ ਅਜਿਹੇ ਬਿਆਨਾਂ ਤੇ ਮੁੱਦਿਆਂ ਕਾਰਨ ਬਹੁਤ ਵੱਡਾ ਸੰਤਾਪ ਭੋਗ ਚੁੱਕਿਆ ਹੈ ਅਤੇ ਹੁਣ ਦੁਬਾਰਾ ਫਿਰ ਅਕਾਲੀ ਦਲ ਧਰਮ ਦੇ ਨਾਮ 'ਤੇ ਲੋਕਾਂ ਨੂੰ ਆਪਸ 'ਚ ਲੜਾਉਣਾ ਚਾਹੁੰਦਾ ਹੈ। ਪਰ ਆਮ ਆਦਮੀ ਪਾਰਟੀ ਆਪਸੀ ਭਾਈਚਾਰੇ ਦੀ ਹਮਾਇਤੀ ਹੈ ਅਤੇ ਸਦਾ ਹੀ ਆਪਸੀ ਭਾਈਚਾਰੇ ਦੀ ਗੱਲ ਕਰਦੀ ਰਹੇਗੀ, ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰਨਾਂ ਆਗੂਆਂ ਨੂੰ ਅਜਿਹੇ ਬਿਆਨ ਨਹੀ ਦੇਣੇ ਚਾਹੀਦੇ। ਜਿਸ ਨਾਲ ਪੰਜਾਬ ਦੀ ਨੌਜਵਾਨੀ ਗੁੰਮਰਾਹ ਹੋ ਕੇ ਕੁਰਾਹੇ ਪੈ ਜਾਵੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾ ਹੀ ਨਸ਼ਿਆਂ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਸ੍ਰੀਰਾਮ ਗੋਇਲ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।


Shyna

Content Editor

Related News