ਏ. ਆਈ. ਸੀ. ਸੀ. ਸਕੱਤਰ ਰਮਿੰਦਰ ਆਵਲਾ ਉਤਰੇ ਸੁਨੀਲ ਜਾਖੜ ਦੇ ਸਮਰਥਨ ’ਚ

04/13/2022 11:27:04 AM

ਚੰਡੀਗੜ੍ਹ  (ਜ. ਬ.) : ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪਾਰਟੀ ਦੇ ਕਰਨਾਟਕ ਵਿਚ ਸਹਿ-ਇੰਚਾਰਜ ਰਮਿੰਦਰ ਆਵਲਾ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਨੋਟਿਸ ’ਤੇ ਸਵਾਲ ਉਠਾਇਆ ਕਿ ਜਦੋਂ 42 ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਉਸ ਵੇਲੇ ਇਹ ਸ਼ਿਕਾਇਤਕਰਤਾ ਕਿੱਥੇ ਸਨ? ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਤੋਂ ਉਲਟ ਉਸ ਵੇਲੇ ਅਜਿਹੇ ਲੋਕਾਂ ਨੇ ਇਕ ਹਿੰਦੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਾ ਬਣਾਉਣ ਦੀ ਵਕਾਲਤ ਕੀਤੀ ਸੀ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਆਵਲਾ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਜਦੋਂ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਵੀ ਜਾਖੜ ਪਾਰਟੀ ਪ੍ਰਤੀ ਪੂਰੀ ਵਫਾਦਾਰੀ ਨਾਲ ਕੰਮ ਕਰਦੇ ਰਹੇ। ਉਨ੍ਹਾਂ ਦੀ ਵਫਾਦਾਰੀ ਦੀ ਸ਼ਲਾਘਾ ਕਰਨ ਦੀ ਬਜਾਏ ਅਜਿਹੀ ਵਫਾਦਾਰੀ ਨੂੰ ਨੋਟਿਸ ਜਾਰੀ ਕਰਨਾ ਦੁੱਖਦਾਇਕ ਹੈ। ਬਿਨਾਂ ਕਿਸੇ ਠੋਸ ਆਧਾਰ ਦੇ ਇਸ ਤਰ੍ਹਾਂ ਨੋਟਿਸ ਜਾਰੀ ਕਰਨ ਨਾਲ ਇਹ ਸੁਨੇਹਾ ਜਾਵੇਗਾ ਕਿ ਸਿਰਫ ਹਿੰਦੂ ਹੋਣ ਦੇ ਨਾਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਪਾਰਟੀ ਸੂਬੇ ਦੇ ਇਕ ਵੱਡੇ ਵਰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।

ਇਹ ਵੀ ਪੜ੍ਹੋ : 5 ਸਾਲ ਤੋਂ ਕੋਠੀ 'ਚ ਬੰਦ ਜਿਊਂਦੀ ਮਿਲੀ 85 ਸਾਲਾ ਰਣਜੀਤ ਕੌਰ, ਹੈਰਾਨ ਕਰ ਦੇਵੇਗਾ ਚੰਡੀਗੜ੍ਹ ਦਾ ਇਹ ਮਾਮਲਾ

ਕਾਂਗਰਸ ਦੇ ਰਾਸ਼ਟਰੀ ਸਕੱਤਰ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਨੋਟਿਸ ਜਾਰੀ ਕਰਨਾ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਇਕ ਕਾਂਗਰਸੀ ਵਰਕਰ ਦੇ ਰੂਪ ’ਚ ਮੈਂ ਇਸ ਦੀ ਨਿੰਦਾ ਕਰਦਾ ਹਾਂ। ਮੈਂ ਹਾਈਕਮਾਨ ਨੂੰ ਬੇਨਤੀ ਕਰਦਾ ਹਾਂ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਕੰਮ ਕਰਨ ਵਾਲੇ ਲੋਕਾਂ ਨਾਲ ਅਜਿਹਾ ਵਤੀਰਾ ਨਾ ਕੀਤਾ ਜਾਵੇ ਅਤੇ ਸੂਬੇ ਵਿਚ ਪਾਰਟੀ ਨੂੰ ਆਪਣੇ ਪੈਰਾਂ ’ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News