ਖੇਤੀ ਆਰਡੀਨੈਂਸ ਬਿੱਲ ਖਿਲਾਫ਼ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦੀ ਪੂਰੀ ਹਮਾਇਤ

09/22/2020 2:18:08 PM

ਜ਼ੀਰਾ (ਗੁਰਮੇਲ ਸੇਖ਼ਵਾ): ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਤੋੜਨ ਲਈ ਲਿਆਂਦੇ ਤਿੰਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਦੇ ਵਿਰੁੱਧ ਸੰਘਰਸ਼ ਤਿੱਖਾ ਕਰਨ ਸਬੰਧੀ 25 ਸਤੰਬਰ ਨੂੰ ਪੰਜਾਬ ਬੰਦ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।  

ਪੰਜਾਬ ਤੇ ਦੇਸ਼ ਭਰ 'ਚ ਆਰਡੀਨੈਂਸਾਂ ਵਿਰੁੱਧ ਚੱਲ ਰਹੇ ਘੋਲ ਦੀ ਪੁਰਜ਼ੋਰ ਹਮਾਇਤ ਕਰਦਿਆਂ ਭਾਈ ਰਾਜਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਕਰਨ ਵਾਲਾ ਕਿਸਾਨ ਅੱਜ ਸੜਕਾਂ 'ਤੇ ਰੁੱਲ ਰਿਹਾ ਹੈ, ਕੇਂਦਰ ਵਲੋਂ ਸਰਮਾਏਦਾਰ ਕੰਪਨੀਆਂ ਨੂੰ ਮਾਲੋ-ਮਾਲ ਕਰਨ ਲਈ ਲਿਆਂਦਾ ਗਿਆ, ਇਹ ਬਿੱਲ ਕਿਸਾਨ, ਮਜ਼ਦੂਰ ਆੜਤੀਆਂ ਦੇ ਪੇਟ 'ਤੇ ਲੱਤ ਮਾਰਨ ਵਾਲਾ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਆਵਾਮ ਨੂੰ ਚਾਹੀਦਾ ਹੈ ਕਿ ਉਹ ਅੰਨਦਾਤੇ ਨਾਲ ਖੜ੍ਹਨ, ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੰਜਾਬ ਬੰਦ ਦੇ ਅੰਦੋਲਨ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਤੇ ਇਸ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਦਾ ਸੰਘਰਸ਼ ਬਣਾਉਣ ਦਾ ਸੱਦਾ ਦਿੱਤਾ।ਗੋਲਡੀ ਨੇ ਕਿਹਾ ਕਿ 25 ਸਤੰਬਰ ਦੇ ਪੰਜਾਬ ਬੰਦ ਨੂੰ ਸਭ ਨੂੰ ਮਿਲ ਕੇ ਇਕੱਠੇ ਹੋਣ ਦੀ ਲੋੜ ਹੈ। ਉਕਤ ਆਗੂਆਂ ਮੋਦੀ ਸਰਕਾਰ ਵੱਲੋਂ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧ ਨੂੰ ਦਰਕਿਨਾਰ ਕਰਕੇ ਪਾਰਲੀਮੈਂਟ 'ਚ ਕਾਰਪੋਰੇਟ ਜਗਤ ਦੇ ਹੱਕ 'ਚ ਬਿੱਲ ਪਾਸ ਕਰਵਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਰੱਦ ਕੀਤੇ ਜਾਣ, ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਉਨ੍ਹਾਂ ਨਾਲ ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ, ਪ੍ਰੀਤ ਹਾਮਦ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ ਸੰਧੂ,ਗੁਰਟੇਕ ਸਿੰਘ, ਅਜਮੇਰ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।

Shyna

This news is Content Editor Shyna