ਖੇਤੀ ਬਿੱਲ ਕਿਸਾਨੀ ਦੀ ਹੀ ਨਹੀਂ ਬਲਕਿ ਹਰ ਪੰਜਾਬੀ ਦੀ ਲੜਾਈ ਹੈ: ਬਾਬਾ ਮਨਪ੍ਰੀਤ ਸਿੰਘ

12/03/2020 1:39:17 PM

ਸੰਦੌੜ (ਰਿਖੀ): ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਖ਼ਤਮ ਕਰਨ ਦੇ ਮੰਤਵ ਦੇ ਨਾਲ ਲੈ ਕੇ ਆਉਂਦੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕੀਤੇ ਜਾ ਰਹੇ ਸੰਘਰਸ਼ 'ਚ ਹਰ ਪੰਜਾਬੀ ਨੂੰ ਜੋ ਪੰਜਾਬ ਦੇ 'ਚ ਸਾਹ ਲੈ ਰਿਹਾ ਹੈ ਅਤੇ ਪੰਜਾਬ ਦਾ ਅੰਨ ਪਾਣੀ ਖਾ ਰਿਹਾ ਹੈ ਨੂੰ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਰੀ ਪੀਰੀ ਅਨਾਥ ਆਸ਼ਰਮ ਦੇ ਮੁੱਖ ਸੇਵਾਦਾਰ ਅਤੇ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਨੇ ਦਿੱਲੀ ਵਿਖੇ ਸੰਘਰਸ਼ 'ਚ ਹਿੱਸਾ ਲੈਂਦੇ ਹੋਏ ਫੋਨ ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੇ ਜੇਕਰ ਅੱਜ ਸਾਰੇ ਪੰਜਾਬੀ ਘਰਾਂ 'ਚੋਂ ਨਾ ਨਿਕਲੇ ਅਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਇਕ ਹੋ ਕੇ ਨਾ ਤੁਰੇ ਤਾਂ ਇਹ ਬਹੁਤ ਮੰਦਭਾਗਾ ਹੋਵੇਗਾ ਤੇ ਪੰਜਾਬ ਦਾ ਭਵਿੱਖ ਤਬਾਹ ਹੋ ਜਾਵੇਗਾ ਜਿਸ ਦਾ ਨੁਕਸਾਨ ਸਾਰੇ ਵਰਗਾਂ ਨੂੰ ਹੋਵੇਗਾ।

ਉਨ੍ਹਾਂ ਕਿਹਾ ਕੇ ਅੱਜ ਸਮਾਂ ਆ ਗਿਆ ਹੈ ਕਿ ਕੇਂਦਰ ਦੀ ਹੰਕਾਰੀ ਸਰਕਾਰ ਨੂੰ ਮੂੰਹ ਤੋੜ ਜਬਾਬ ਦੇਣ ਲਈ ਇਸ ਲਈ ਪਿੰਡ-ਪਿੰਡ, ਘਰ-ਘਰ ਤੋਂ ਹਰ ਇਕ ਵਿਅਕਤੀ ਨੂੰ ਇਸ ਮਹਾ ਸੰਘਰਸ਼ ਦਾ ਹਿੱਸਾ ਬਣਨਾ ਪਵੇਗਾ ਅਤੇ ਇਸ ਲੜਾਈ ਨੂੰ ਜਿੱਤਣਾ ਪਵੇਗਾ। ਉਨ੍ਹਾਂ ਕਿਹਾ ਕੇ ਪੰਜਾਬ ਯੋਧਿਆਂ, ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਦੇ ਪਾਣੀ 'ਚ ਵੀ ਉਹ ਤਾਕਤ ਹੈ ਜਿਸ ਨੂੰ ਪੀ ਕੇ ਜੰਗਾਂ ਲੜੀਆਂ ਜਾ ਸਕਦੀਆਂ ਹਨ। ਇਸ ਲਈ ਪੰਜਾਬੀਆਂ ਨੂੰ ਹਰਾਉਣਾ ਸੌਖਾ ਨਹੀਂ ਹੈ ਅਤੇ ਇਸ ਹੱਕੀ ਸੰਘਰਸ਼ ਦੇ 'ਚ ਵੀ ਪੰਜਾਬੀਆਂ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕੇ ਉਹ ਦਿੱਲੀ ਵੱਲ ਕੂਚ ਕਰਨ। ਇਸ ਮੌਕੇ ਉਨ੍ਹਾਂ ਨਾਲ ਮਨਦੀਪ ਸਿੰਘ, ਫਤਿਹ ਸਿੰਘ ਅਤੇ ਜਗਜੀਤ ਸਿੰਘ ਆਦਿ ਸਿੰਘ ਵੀ ਹਾਜ਼ਰ ਸਨ।

Aarti dhillon

This news is Content Editor Aarti dhillon