ਕਰਫ਼ਿਊ ਉਪਰੰਤ ਆਮ ਵਾਂਗ ਸ਼ੁਰੂ ਹੋਣ ਲੱਗਾ ਜਨਜੀਵਨ

05/21/2020 7:19:23 PM

ਫ਼ਰੀਦਕੋਟ, (ਬਾਂਸਲ- ਜਸਬੀਰ ਕੌਰ)- 17 ਮਈ ਉਪਰੰਤ ਮੁੱਖ ਮੰਤਰੀ ਵਲੋਂ ਕਰਫਿਊ ਨੂੰ ਲਾਕਡਾਨ ( ਤਾਲਾਬੰਦੀ )ਵਿੱਚ ਬਦਲਣ ਅਤੇ ਲੋਕਾਂ ਨੂੰ ਆਪਣੇ ਰੋਜ਼ਮਰਾ ਦੇ ਕੰਮਾਂ, ਜ਼ਰੂਰੀ ਵਸਤਾਂ ਦੀ ਖਰੀਦੋ ਫਰੋਕਤ ,ਜ਼ਰੂਰੀ ਸਾਮਾਨ ਦੀ ਸਪਲਾਈ ,ਖੇਤੀਬਾਡ਼ੀ ਸਮੇਤ ਉਦਯੋਗ ਅਤੇ ਹੋਰ ਸੈਕਟਰਾਂ ਨੂੰ ਕੰਮ ਕਰਨ ਲਈ ਵੱਡੀ ਰਾਹਤ ਦਿੱਤੀ ਗਈ ਹੈ ।
ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਮੇਂ-ਸਮੇਂ ’ਤੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ । ਇਸ ਤੋਂ ਇਲਾਵਾ ਰਾਤ ਸਮੇਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਨੂੰ ਜਿਉਂ ਦਾ ਤਿਉਂ ਜਾਰੀ ਰੱਖਿਆ ਗਿਆ ਹੈ ਤਾਂ ਜੋ ਲੋਕਾਂ ਦੀ ਮੂਵਮੈਂਟ ਰਾਤ ਸਮੇਂ ਨਾ ਹੋਵੇ । ਲੋਕਾਂ ਨੂੰ ਸਮਾਜਕ ਦੂਰੀ ਇਤੇ ਹੋਰ ਨਿਯਮਾਂ ਦੀ ਪਾਲਣਾ ਤੋਂ ਇਲਾਵਾ ਸਰਕਾਰ ਵਲੋਂ ਮਾਸਕ ਪਾਉਣਾ ਵੀ ਜ਼ਰੂਰੀ ਕਰਾਰ ਦਿੱਤਾ ਗਿਆ ਹੈ । ਪਿੰਡਾਂ ਤੋਂ ਲੈ ਕੇ ਸ਼ਹਿਰਾਂ ਕਸਬਿਆਂ ਵਿਚ ਜਨ ਜੀਵਨ ਹੁਣ ਆਮ ਵਾਂਗ ਹੋਣਾ ਸ਼ੁਰੂ ਹੋ ਰਿਹਾ ਹੈ। ਸਰਕਾਰ ਵੱਲੋਂ ਵੱਖ-ਵੱਖ ਰੂਟਾਂ ਤੇ ਰਾਜ ਅੰਦਰ ਬੱਸਾਂ ਦੀ ਆਵਾਜਾਈ ਮੁਡ਼ ਤੋਂ ਬਹਾਲ ਕਰ ਦਿੱਤੀ ਗਈ ਹੈ । ਫਰੀਦਕੋਟ ਕੋਟਕਪੂਰਾ ਜੈਤੋ ਸਾਦਿਕ ਬਾਜਾਖਾਨਾ ਦੇ ਬਾਜ਼ਾਰਾਂ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸੋਮਵਾਰ ਤੋ ਸ਼ਨੀਵਾਰ ਤੱਕ ਖੁੱਲ੍ਹਣ ਦਾ ਦਿਨ ਨਿਰਧਾਰਿਤ ਕੀਤੇ ਗਏ ਹਨ, ਜਦ ਕਿ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਹਫ਼ਤੇ ਵਿਚ ਗਿਣਵੇਂ ਦਿਨ ਵਾਰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ । ਕਿਸਾਨੀ ਸੈਕਟਰ ਲਈ ਪੰਜਾਬ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕਰਫਿਊ ਵਿਚ ਵੀ ਵਿਸ਼ੇਸ਼ ਛੋਟਾਂ ਦੇ ਕੇ ਅਤੇ ਮੰਡੀਆਂ ਦੇ ਵਿਚ ਸਮਾਜਕ ਦੂਰੀ ਦਾ ਖਿਆਲ ਰੱਖਦਿਆਂ ਪਾਸ ਸਿਸਟਮ ਲਾਗੂ ਕਰ ਕੇ ਕਣਕ ਦੀ ਨਿਰਵਿਘਨ ਖ਼ਰੀਦ ਕਰਵਾਈ ਗਈ ।ਕਿਸਾਨਾਂ ,ਆਡ਼੍ਹਤੀਆਂ ਮਜ਼ਦੂਰਾਂ ਨੂੰ ਕਣਕ ਦੀ ਖਰੀਦ ,ਵੇਚ ,ਲਿਫਟਿੰਗ ਅਤੇ ਪੇਮੈਂਟ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਈ । ਕੁਝ ਕਰੋਨਾ ਪਾਜਟਿਵ ਮਰੀਜ਼ਾਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚ ਚੱਲ ਰਿਹਾ ਹੈ । ਲੋਕਾਂ ਨੇ ਇਸ ਮਹਾਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਤੁਰੰਤ ਫੈਸਲੇ ਨੂੰ ਰਾਜ ਅਤੇ ਇੱਥੋਂ ਦੇ ਲੋਕ ਲਈ ਵੱਡਾ ਅਤੇ ਦੂਰ ਅੰਦੇਸ਼ੀ ਫ਼ੈਸਲਾ ਦੱਸਿਆ ਹੈ।

Bharat Thapa

This news is Content Editor Bharat Thapa