ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਲੜਕੀ ਨੇ ਨੌਜਵਾਨ ਨੂੰ ਰਾੜ ਨਾਲ ਕੁੱਟਿਆ
06/26/2019 1:23:59 AM
ਚੰਡੀਗੜ੍ਹ (ਸੰਦੀਪ)— ਟ੍ਰਿਬਿਊਨ ਚੌਕ ਕੋਲ ਮੰਗਲਵਾਰ ਸ਼ਾਮ ਨੂੰ ਇਕ ਲੜਕੀ ਨੇ ਜੰਮ ਕੇ ਹੰਗਾਮਾ ਕੀਤਾ। ਹੋਇਆ ਇੰਝ ਕਿ ਲੜਕੀ ਆਪਣੀ ਕਾਰ 'ਚ ਟ੍ਰਿਬਿਊਨ ਚੌਕ ਤੋਂ ਅੱਗੇ ਇੰਡਸਟ੍ਰੀਅਲ ਏਰੀਆ ਦੀ ਸਲਿੱਪ ਰੋਡ 'ਤੇ ਜਾ ਰਹੀ ਸੀ, ਉਹ ਅੱਗੇ ਨਿਕਲ ਗਈ ਤਾਂ ਕਾਰ ਯੂ-ਟਰਨ ਲੈਂਦਿਆਂ ਹੀ ਪਿੱਛੋਂ ਆ ਰਹੇ ਕਾਰ ਸਵਾਰ ਨਾਲ ਉਸਦੀ ਬਹਿਸ ਹੋ ਗਈ। ਇਸ ਗੱਲ 'ਤੇ ਲੜਕੀ ਗ਼ੁੱਸੇ 'ਚ ਆ ਗਈ ਅਤੇ ਉਸਨੇ ਰਾਡ ਨਾਲ ਨੌਜਵਾਨ 'ਤੇ ਹਮਲਾ ਕਰ ਦਿੱਤਾ। ਉਸ ਨੇ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਰਾਡ ਨਾਲ ਕੁੱਟਿਆ ਕਿ ਰਾਡ ਵੀ ਟੁੱਟ ਗਈ। ਨੌਜਵਾਨ ਦੇ ਸਿਰ 'ਚ ਤਿੰਨ ਟਾਂਕੇ ਲੱਗੇ ਹਨ। ਪੁਲਸ ਨੇ ਮੁਲਜ਼ਮ ਸ਼ੀਤਲ ਨਿਵਾਸੀ ਮੋਹਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਟੱਕਰ ਹੁੰਦੇ-ਹੁੰਦੇ ਬਚੀ ਤਾਂ ਵਿਰੋਧ ਕੀਤਾ
ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ 6 ਵਜੇ ਮੋਹਾਲੀ ਦੀ ਰਹਿਣ ਵਾਲੀ ਸ਼ੀਤਲ ਆਪਣੀ ਕਾਰ 'ਚ ਜਾ ਰਹੀ ਸੀ, ਜਦੋਂ ਉਹ ਟ੍ਰਿਬਿਊਨ ਚੌਕ ਤੋਂ ਇੰਡਸਟ੍ਰੀਅਲ ਏਰੀਆ ਵਾਲੇ ਸਲਿੱਪ ਰੋਡ 'ਤੇ ਸੀ ਤਾਂ ਉਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਯੂ-ਟਰਨ ਮਾਰਿਆ ਤਾਂ ਇਸ ਦੌਰਾਨ ਪਿੱਛੋਂ ਸੈਕਟਰ-29 ਨਿਵਾਸੀ ਨਿਤਿਨ ਵੀ ਆਪਣੀ ਕਾਰ 'ਚ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਬਲਟਾਨਾ ਵੱਲ ਜਾ ਰਿਹਾ ਸੀ ਤੇ ਨਿਤਿਨ ਦੀ ਕਾਰ ਦੀ ਸ਼ੀਤਲ ਦੀ ਕਾਰ ਨਾਲ ਟੱਕਰ ਹੁੰਦੇ-ਹੁੰਦੇ ਬਚੀ। ਜਦੋਂ ਨਿਤਿਨ ਨੇ ਉਸਨੂੰ ਠੀਕ ਤਰ੍ਹਾਂ ਡਰਾਈਵ ਕਰਨ ਲਈ ਕਿਹਾ ਤਾਂ ਇਸ 'ਤੇ ਸ਼ੀਤਲ ਭੜਕ ਗਈ ਅਤੇ ਕਿਹਾ-ਸੁਣੀ ਮਗਰੋਂ ਉਸ ਨੇ ਨਿਤਿਨ ਨੂੰ ਰਾਡ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਇਹ ਦੇਖ ਕੇ ਸੜਕ 'ਤੇ ਜਾ ਰਹੇ ਰਾਹਗੀਰ ਇਥੇ ਇਕੱਠੇ ਹੋਣ ਲੱਗੇ। ਕਿਸੇ ਨੇ ਇਸਦੀ ਸੂਚਨਾ ਪੁਲਸ ਕੰਟ੍ਰੋਲ ਰੂਮ 'ਤੇ ਦਿੱਤੀ। ਪੀ. ਸੀ. ਆਰ. ਮੌਕੇ 'ਤੇ ਪਹੁੰਚੀ। ਮਹਿਲਾ ਪੁਲਸ ਕਰਮਚਾਰੀ ਅਤੇ ਆਸ-ਪਾਸ ਮੌਜੂਦ ਕੁਝ ਔਰਤਾਂ ਨੇ ਸ਼ੀਤਲ ਨੂੰ ਰੋਕਿਆ। ਪੁਲਸ ਨੇ ਜ਼ਖ਼ਮੀ ਹਾਲਤ 'ਚ ਨਿਤਿਨ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ, ਜਿਥੇ ਉਸਦੇ ਸਿਰ 'ਚ ਟਾਂਕੇ ਲਗਾਉਣੇ ਪਏ। ਇੰਡਸਟ੍ਰੀਅਲ ਥਾਣਾ ਪੁਲਸ ਨੇ ਨਿਤਿਨ ਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਤੋਂ ਬਾਅਦ ਸ਼ੀਤਲ ਖਿਲਾਫ਼ ਮਾਮਲਾ ਦਰਜ ਕਰ ਲਿਆ।
ਪੂਰੇ ਮਾਮਲੇ ਦੀ ਵੀਡੀਓ ਹੋਈ ਵਾਇਰਲ
ਸੜਕ 'ਤੇ ਸ਼ੀਤਲ ਵਲੋਂ ਨਿਤਿਸ਼ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਦਿਆਂ ਦੇਖ ਇਥੇ ਇਕੱਠੇ ਹੋਏ ਲੋਕਾਂ ਨੇ ਪੂਰੇ ਮਾਮਲੇ ਦੀ ਵੀਡੀਓ ਆਪਣੇ-ਆਪਣੇ ਮੋਬਾਇਲ 'ਚ ਕੈਦ ਕਰ ਲਈ। ਦੇਖਦੇ ਹੀ ਦੇਖਦੇ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੁਲਸ ਨੇ ਕੇਸ ਦੀ ਜਾਂਚ ਤਹਿਤ ਵਾਇਰਲ ਵੀਡੀਓ ਨੂੰ ਵੀ ਆਧਾਰ ਬਣਾਇਆ ਹੈ।