ਜ਼ਿਲ੍ਹੇ ’ਚ 107 ਦਿਨਾਂ ਬਾਅਦ 15 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

06/11/2022 10:00:33 PM

ਲੁਧਿਆਣਾ (ਸਹਿਗਲ)-ਮਹਾਨਗਰ ’ਚ ਕੋਰੋਨਾ ਦੇ ਮਰੀਜ਼ਾਂ ’ਚ ਵਾਧਾ ਜਾਰੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਬਾਅਦ ਜਿਥੇ ਅੱਜ 21 ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਲੁਧਿਆਣਾ ਦਾ ਦੂਜਾ ਨੰਬਰ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 15 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 13 ਜ਼ਿਲ੍ਹੇ ਦੇ ਰਹਿਣ ਵਾਲੇ, ਜਦਕਿ ਦੋ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਤ ਹਨ। ਵਰਣਨਯੋਗ ਹੈ ਕਿ 107 ਦਿਨਾਂ ਬਾਅਦ ਇੰਨੀ ਗਿਣਤੀ ’ਚ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦੂਜੇ ਪਾਸੇ ਪਿਛਲੇ 3 ਦਿਨਾਂ ਤੋਂ ਇਕ ਵੀ ਮਰੀਜ਼ ਨੂੰ ਡਿਸਚਾਰਜ ਨਹੀਂ ਕੀਤਾ ਗਿਆ। ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 43 ਹੋ ਗਈ ਹੈ। ਇਨ੍ਹਾਂ ’ਚੋਂ 41 ਮਰੀਜ਼ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਹਨ, ਜਦਕਿ 2 ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਮਹਾਨਗਰ ’ਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 109994 ਹੋ ਗਈ ਹੈ, ਜਦਕਿ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 14774 ਹੋ ਗਈ ਹੈ। ਅੱਜ ਲੈਬ ’ਚ 2415 ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚ ਜ਼ਿਲ੍ਹੇ ਦੇ 13 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਜਿਸ ਨਾਲ ਪਾਜ਼ੇਟੀਵਿਟੀ ਦਰ ਵਧ ਕੇ 0.54 ਫੀਸਦੀ ਹੋ ਗਈ।

270 ਵੈਕਸੀਨੈਸ਼ਨ ਕੈਂਪਾਂ ਵਿਚ 2124 ਨੇ ਕਰਵਾਇਆ ਟੀਕਾਕਰਨ
ਸਿਹਤ ਵਿਭਾਗ ਵੱਲੋਂ ਲਗਾਏ ਵੈਕਸੀਨੇਸ਼ਨ ਕੈਂਪਾਂ ’ਚ ਅੱਜ 2124 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ, ਜਦਕਿ 118 ਵਿਅਕਤੀਆਂ ਨੇ ਨਿੱਜੀ ਹਸਪਤਾਲਾਂ ’ਚ ਜਾ ਕੇ ਵੈਕਸੀਨ ਲਗਵਾਈ। 401 ਵਿਅਕਤੀਆਂ ਨੇ ਬੂਸਟਰ ਡੋਜ਼ ਦਾ ਇਨਜੈਕਸ਼ਨ ਲਗਵਾਇਆ।

ਐਤਵਾਰ ਨੂੰ 29 ਥਾਵਾਂ ’ਤੇ ਹੋਵੇਗਾ ਕੋਰੋਨਾ ਦਾ ਟੀਕਾਕਰਨ
ਐਤਵਾਰ ਨੂੰ ਸਿਹਤ ਵਿਭਾਗ ਵੱਲੋਂ 29 ਥਾਵਾਂ ’ਤੇ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ। ਇਨ੍ਹਾਂ ’ਚੋਂ 14 ਥਾਵਾਂ ’ਤੇ ਕੋਵਿਸ਼ੀਲਡ, 8 ਥਾਵਾਂ ’ਤੇ ਕੋਵੈਕਸੀਨ ਅਤੇ 7 ਥਾਵਾਂ ’ਤੇ ਕੋਰਬੇਵੈਕਸ ਨਾਮੀ ਵੈਕਸੀਨ ਲਗਾਈ ਜਾਵੇਗੀ।


Manoj

Content Editor

Related News