ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਬਾਰੇ ਅਡਵਾਇਜ਼ਰੀ ਜਾਰੀ

04/28/2020 5:01:16 PM

ਬਠਿੰਡਾ (ਮੁਨੀਸ਼): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕੋਵਿਡ-19 ਦੇ ਮੱਦੇਨਜ਼ਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ/ਪ੍ਰਸਾਰ ਨੂੰ ਕਾਬੂ ਕਰਨ ਲਈ ਲੋਕ ਹਿੱਤ 'ਚ ਸਾਰੇ 22 ਜ਼ਿਲਿਆਂ 'ਚ ਕਰਫਿਊ ਲਗਾ ਕੇ ਲੋਕਾਂ ਦੀਆਂ ਗਤੀਵਿਧੀਆਂ 'ਤੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਭਾਵੇਂ ਸਰਕਾਰ ਨੇ ਮਨਰੇਗਾ ਅਧੀਨ ਕੰਮ ਕਰਨ ਵਾਲੇ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਜ਼ਰੂਰੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਫਿਰ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਰੇਗਾ ਅਧੀਨ ਸੁਪਰਵਾਈਜ਼ਰੀ ਸਰਪੰਚ/ਜੀ.ਆਰ.ਐੱਸ./ਕਾਮਿਆਂ ਦੇ ਨਾਲ-ਨਾਲ ਕੰਮ ਸ਼ੁਰੂ ਕਰਨ ਵਾਲੇ ਖੇਤਰਾਂ 'ਚ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸੁਪਰਵਾਈਜ਼ਰ ਇਕ ਵਿਆਪਕ ਕਾਰਜ ਯੋਜਨਾ ਇਸ ਢੰਗ ਨਾਲ ਵਿਕਸਤ ਕਰ ਸਕਦਾ ਹੈ ਕਿ ਉਹ ਕੰਮ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਸਮੇਂ ਤੇ ਮਨਰੇਗਾ ਕਰਮਚਾਰੀਆਂ ਨੂੰ ਕੰਮ ਦੌਰਾਨ ਆਰਾਮ ਦੇਣ ਦੇ ਸਮੇਂ 'ਚ ਕੁੱਝ ਫਾਸਲਾ ਰੱਖੇ, ਜਿਸ ਨਾਲ ਕੰਮ ਵੀ ਸਮੇਂ ਸਿਰ ਮੁਕੰਮਲ ਹੋ ਜਾਵੇ ਤੇ ਕੰਮ ਵਿੱਚ ਕੋਈ ਰੁਕਾਵਟ ਵੀ ਨਾ ਆਵੇ। ਇਸੇ ਤਰ੍ਹਾਂ, ਕਾਰਜ ਖੇਤਰ ਨੂੰ ਕਾਰਜ ਵਾਲੀ ਥਾਂ 'ਤੇ ਇਸ ਤਰ੍ਹਾਂ ਨਿਰਧਾਰਤ ਕੀਤਾ ਜਾਵੇਗਾ ਕਿ ਮਨਰੇਗਾ ਕਾਮਿਆਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਸਮਾਜਿਕ ਦੂਰੀ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ।

ਡਾ. ਅਮਰੀਕ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਬੁਖਾਰ ਜਾਂ ਹੋਰ ਲੱਛਣ ਜਿਵੇਂ ਖੰਘ/ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਨ ਵਾਲੇ ਮਨਰੇਗਾ ਕਾਮਿਆਂ ਨੂੰ ਘਰ ਵਿੱਚ ਹੀ ਰਹਿਣ ਅਤੇ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮਨਰੇਗਾ ਵਰਕਰਾਂ ਨੂੰ ਸਲਾਹ ਦਿੱਤੀ ਜਾਏਗੀ ਕਿ ਉਹ ਕਿਸੇ ਨਾਲ ਹੱਥ ਨਾ ਮਿਲਾਉਣ ਜਾਂ ਕਿਸੇ ਨੂੰ ਗਲੇ ਨਾ ਲਗਾਉਣ। ਮਨਰੇਗਾ ਸਟਾਫ ਨੂੰ ਬਿਨਾਂ ਕੰਮ ਤੋਂ ਨਾ ਘੁੰਮਣ ਅਤੇ ਉਨ੍ਹਾਂ ਦੇ ਨਿਰਧਾਰਤ ਖੇਤਰ/ਸਾਈਟ ਤੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਜਾਵੇ। ਉਨ੍ਹਾਂ ਅੱਗੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਰਪੰਚ/ਜੀ.ਆਰ.ਐਸ. ਸਮੇਤ ਸਾਰਿਆਂ ਨੂੰ ਹਰ ਸਮੇਂ ਕੱਪੜੇ ਦੇ ਮਾਸਕ ਪਹਿਨਣੇ ਚਾਹੀਦੇ ਹਨ। ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ-ਨਾਲ ਮੂੰਹ ਨੂੰ ਵੀ ਕਵਰ ਕਰੇ। ਕੱਪੜੇ ਦੇ ਮਾਸਕ ਨੂੰ ਵਰਤੋਂ ਬਾਅਦ ਰੋਜ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਹੱਥ ਧੋਣ ਅਤੇ ਰੋਗਾਣੂ-ਮੁਕਤ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਵਿਸਥਾਰ ਨਾਲ ਦੱਸਦਿਆਂ, ਉਨ੍ਹਾਂ ਕਿਹਾ ਕਿ ਕਾਰਜ ਵਾਲੀ ਥਾਂ 'ਤੇ ਲੋੜੀਂਦੀ ਮਾਤਰਾ ਵਿਚ ਪਾਣੀ ਅਤੇ ਸਾਬਣ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਮਨਰੇਗਾ ਵਰਕਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਜਦੋਂ ਵੀ ਹੱਥ ਧੋਣ ਦਾ ਮੌਕਾ ਮਿਲੇ, ਉਹ ਘੱਟੋ-ਘੱਟ ਹੱਥਾਂ ਨੂੰ 40 ਸੈਕਿੰਡ ਤੱਕ ਚੰਗੀ ਤਰ੍ਹਾਂ ਧੋਣ, ਨਾਲ ਹੀ ਉਹ ਹਥੇਲੀ, ਹੱਥ ਦਾ ਪਿਛਲਾ ਪਾਸਾ, ਉਂਗਲਾਂ ਅਤੇ ਅੰਗੂਠੇ ਵਿਚਕਾਰ ਵੀ ਚੰਗੀ ਤਰ੍ਹਾਂ ਸਾਬਣ ਤੇ ਪਾਣੀ ਨਾਲ ਹੱਥ ਸਾਫ ਕਰਨ। ਹਰ ਦੋ ਘੰਟੇ ਬਾਅਦ ਹੱਥ ਧੋਣ ਦੀ ਸਿਫਾਰਸ਼ ਕੀਤੀ ਗਈ ਹੈ। ਉੱਪਰ ਦੱਸੇ ਅਨੁਸਾਰ ਕੰਮ ਸੁਰੂ ਕਰਨ ਤੋਂ ਪਹਿਲਾਂ ਅਤੇ ਕੰਮ ਕਰਨ ਤੋਂ ਬਾਅਦ ਹੱਥ ਲਾਜਮੀ ਤੌਰ 'ਤੇ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਮਨਰੇਗਾ ਵਰਕਰ ਤੇਜ ਬੁਖਾਰ/ਖੰਘ/ਛਿੱਕ/ ਸਾਹ ਲੈਣ 'ਚ ਮੁਸ਼ਕਲ ਮਹਿਸੂਸ ਕਰੇ, ਤਾਂ ਉਹ ਖੁਦ ਸੁਪਰਵਾਈਜ਼ਰ ਨੂੰ ਇਸ ਦੀ ਜਾਣਕਾਰੀ ਦੇਵੇ ਅਤੇ ਸਮੇਂ ਸਿਰ ਬੀਮਾਰੀ ਦਾ ਪਤਾ ਲਗਾਉਣ ਅਤੇ ਇਲਾਜ ਲਈ ਤੁਰੰਤ ਡਾਕਟਰੀ ਸਲਾਹ ਲਵੇ। ਮਨਰੇਗਾ ਵਰਕਰਾਂ ਨੂੰ ਇਕ ਦੂਜੇ ਤੋਂ ਇਨਫੈਕਸ਼ਨ ਨੂੰ ਰੋਕਣ ਲਈ ਉਨ੍ਹਾਂ ਨੂੰ ਇਕ ਦੂਜੇ ਨਾਲ ਦੁਪਹਿਰ ਦੇ ਖਾਣੇ/ਸਨੈਕਸ ਇੱਕਠਿਆਂ ਨਹੀਂ ਖਾਣੇ ਚਾਹੀਦੇ। ਜੇ ਕੋਈ ਕੰਮ ਦੌਰਾਨ ਸੰਪਰਕ ਵਿੱਚ ਆਉਣ ਕਰਕੇ ਕੋਵਿਡ-19 ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਿਸੇ ਨੂੰ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 0172-2920074/08872090029 ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਤਾਂ ਜੋ ਬੀਮਾਰੀ ਦਾ ਸਹੀ ਕਾਰਨ ਪਤਾ ਲੱਗ ਸਕੇ ਤੇ ਪੀੜਤ ਦੀ ਅਗਲੇਰੀ ਕਾਰਵਾਈ ਲਈ ਡਾਕਟਰ ਦੀ ਸਹਾਇਤਾ ਕੀਤੀ ਜਾ ਸਕੇ।


Shyna

Content Editor

Related News