ਕੈਪਟਨ ਦੀ ਰਿਹਾਇਸ਼ ਕੋਲ ਅਧਿਅਾਪਕਾਂ ਫੂਕਿਅਾ ਸਿੱਖਿਆ ਮੰਤਰੀ ਦਾ ਪੁਤਲਾ

01/13/2019 3:58:19 AM

ਪਟਿਆਲਾ, (ਜੋਸਨ,ਬਲਜਿੰਦਰ)- ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ’ਤੇ ਪਟਿਆਲਾ ਸ਼ਹਿਰ ’ਚ ਅਧਿਆਪਕਾਂ ਦੇ ਪੱਕੇ ਧਰਨੇ ਦੇ 56ਵੇਂ ਦਿਨ ਕੀਤੇ ਸਾਰੇ ਐਲਾਨਾਂ ਤੋਂ ਪਿੱਛੇ ਹਟਦਿਆਂ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਅਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਾਇਆ ਹੈ। 
ਐੱਸ. ਐੱਸ. ਏ. ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਵਾਉਣ ਲਈ ਆਨਲਾਈਨ ਪੋਰਟਲ ਫਿਰ ਤੋਂ ਖੋਲ੍ਹਣ ਦੇ ਰੋਸ ਵਜੋਂ ਪਟਿਆਲਾ ਦੇ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇਡ਼ੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਪੁਤਲਾ ਫੂਕਿਅਾ। ਇਹ ਪ੍ਰਦਰਸ਼ਨ ਮੋਰਚੇ ਦੇ ਸੂਬਾਈ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੂਬਾ ਕੋ-ਕਨਵੀਨਰਾਂ ਹਰਦੀਪ ਸਿੰਘ ਟੋਡਰਪੁਰ, ਕਰਮਿੰਦਰ ਸਿੰਘ ਅਤੇ ਅਧਿਆਪਕ ਆਗੂਆਂ ਵਿਕਰਮ ਦੇਵ ਸਿੰਘ, ਅਤਿੰਦਰਪਾਲ ਘੱਗਾ, ਪਰਮਵੀਰ ਸਿੰਘ ਅਤੇ ਅਮਿਤਇੰਦਰ ਸਿੰਘ ਦੀ ਅਗਵਾਈ ’ਚ ਕੀਤਾ ਗਿਆ।  ਇਸ ਸਮੇਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ, ਕਿਸਾਨਾਂ ਤੇ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ’ਚ ਵਿਸ਼ਾਲ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
ਇਸ ਮੌਕੇ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪਟਿਆਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 7 ਮਹੀਨਿਆਂ ਤੋਂ ਰੁਕੀਆਂ ਆਪਣੀਆਂ ਤਨਖਾਹਾਂ ਨੂੰ  13 ਜਨਵਰੀ ਨੂੰ ਲੋਹਡ਼ੀ ਦੇ ਰੂਪ ’ਚ ਮੰਗਣ ਜਾਣ ਦਾ ਐਲਾਨ ਵੀ ਕੀਤਾ। 
ਵੱਖ-ਵੱਖ ਅਧਿਆਪਕ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅਧਿਆਪਕਾਂ ਦੇ ‘ਪੱਕੇ ਮੋਰਚੇ’ ’ਚ 1 ਦਸੰਬਰ ਨੂੰ ਪਹੁੰਚ ਕੇ ਜਨਤਕ ਤੌਰ ’ਤੇ ਕਈ ਐਲਾਨ ਅਤੇ ਭਰੋਸੇ ਦਿੱਤੇ ਗਏ ਸਨ, ਜਿਸ ਉਪਰੰਤ ਮੋਰਚੇ ਵੱਲੋਂ ਗੱਲਬਾਤ ਦਾ ਰਾਹ ਅਖਤਿਆਰ ਕਰ ਕੇ ਸੰਘਰਸ਼ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਆਮ ਲੋਕਾਂ ’ਚ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਸਿੱਖਿਆ ਮੰਤਰੀ ਵਰਗੇ ਅਹਿਮ ਅਹੁਦੇ ਦੀ ਭਰੋਸੇਯੋਗਤਾ ਨੂੰ ਗਹਿਰੀ ਸੱਟ ਲੱਗੀ ਹੈ, ਜਿਸ ਕਾਰਨ ਅਧਿਆਪਕ ਵਰਗ ’ਚ ਸਖਤ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੀਤੇ ਐਲਾਨ ਅਨੁਸਾਰ 8886 ਐੱਸ. ਐੱਸ. ਏ., ਰਮਸਾ, ਆਦਰਸ਼ ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ’ਚ 65 ਤੋਂ 75  ਫੀਸਦੀ ਤਨਖਾਹ ਕਟੌਤੀ ਦੇ ਮੁੱਦੇ ਨੂੰ ਰੀਵਿਊ ਕਰ ਕੇ ਹੱਲ ਕਰਨ ਸਮੇਤ ਜਾਮ ਕੀਤੇ ਮਹਿੰਗਾਈ ਭੱਤੇ, ਤਿੰਨ ਸਾਲਾਂ ਤੋਂ ਲਟਕਾਈ ਤਨਖਾਹ ਕਮਿਸ਼ਨ ਦੀ ਰਿਪੋਰਟ, ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਕਰਨ ਵਰਗੇ ਅਹਿਮ ਮੁੱਦਿਆਂ ਦਾ ਉਚਿਤ ਹੱਲ ਕੱਢਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਬਜਾਏ ਐੱਸ. ਐੱਸ. ਏ. ਰਮਸਾ ਅਧਿਆਪਕਾਂ ਨੂੰ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਿਅਾਂ 7 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਤੋਂ ਵੀ ਲਗਾਤਾਰ ਹੱਥ ਪਿੱਛੇ ਖਿੱਚੇ ਜਾ ਰਹੇ ਹਨ।  ਸਿੱਖਿਆ ਵਿਭਾਗ ਵਿੱਚਲੇ ਮਾਸਟਰ ਕਾਡਰ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰ ਕੇ 1 ਜਨਵਰੀ 2019 ਤੋਂ ਪੂਰਾ ਤਨਖਾਹ ਸਕੇਲ ਦੇਣ ਦੇ ਐਲਾਨ ਨੂੰ ਪੂਰਾ ਕਰਨ ਦੀ ਥਾਂ ਨਿਗੁਣੀਆਂ ਤਨਖਾਹਾਂ ’ਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਈ. ਜੀ. ਐੱਸ, ਏ. ਆਈ. ਈ., ਐੱਸ. ਟੀ. ਆਰ., ਆਈ. ਈ. ਵੀ. ਵਾਲੰਟੀਅਰ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਵਾਧਾ ਕਰ ਕੇ ਸਿੱਖਿਆ ਵਿਭਾਗ ਵਿਚ ਲਿਆਉਣ ਦੀ ਠੋਸ ਨੀਤੀ ਬਣਾਉਣ ਦੇ ਭਰੋਸੇ ’ਤੇ ਵੀ ਖਰਾ ਨਹੀਂ ਉੱਤਰਿਆ ਜਾ ਰਿਹਾ ਹੈ। ਆਦਰਸ਼ ਸਕੂਲ (ਪੀ.ਪੀ.ਪੀ ਮੋਡ) ਅਧਿਆਪਕਾਂ ਅਤੇ ਸਿੱਖਿਆ ਵਿਭਾਗ ਵਿੱਚਲੀ ਪਿਕਟਸ ਸੋਸਾਇਟੀ ਅਧੀਨ ਡੇਢ ਦਹਾਕੇ ਤੋਂ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਹਜ਼ਾਰਾਂ ਕੰਪਿਊਟਰ ਅਧਿਆਪਕਾਂ, ਆਈ.ਈ.ਆਰ.ਟੀ ਅਧਿਆਪਕਾਂ ਨੂੰ ਸਿੱਧੇ ਤੌਰ ’ਤੇ ਸਿੱਖਿਆ ਵਿਭਾਗ ਵਿਚ ਲਿਆਉਣ ਦਾ ਅਤੀ ਜ਼ਰੂਰੀ ਕੰਮ ਵੀ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਦਿਆ ਦਾ ਚਾਨਣ ਵੰਡ ਰਹੇ ਹਜ਼ਾਰਾਂ ਅਧਿਆਪਕਾਂ ਦਾ ਆਪਣਾ ਭਵਿੱਖ ਹਨੇਰ ਵੱਲ ਧੱਕਣ ਕਾਰਨ ਅਤੇ ਸਿੱਖਿਆ ਮੰਤਰੀ ਵੱਲੋਂ ਜਨਤਕ ਐਲਾਨਾਂ ਨੂੰ ਪੂਰਾ ਨਾ ਕਰਨ ਕਰ ਕੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਮੁਡ਼ ਤੋਂ ਵਿਆਪਕ ਰੂਪ ਵਿਚ ਸੰਘਰਸ਼ ਵਿੱਢਣ ਤੇ ਲੋਕਾਂ ਦੀ ਕਚਹਿਰੀ ਵਿਚ ਸਰਕਾਰੀ ਧੱਕੇਸ਼ਾਹੀ ਨੂੰ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਐੱਸ. ਐੱਸ. ਏ., ਰਮਸਾ ਨਾਨ ਟੀਚਿੰਗ ਯੂਨੀਅਨ ਤੋਂ ਹਰਦੇਵ ਸਿੰਘ ਤੋਂ ਇਲਾਵਾ ਭਰਤ ਕੁਮਾਰ, ਹਰਵਿੰਦਰ ਰੱਖਡ਼ਾ, ਰਾਮਸ਼ਰਨ ਨਾਭਾ, ਜਗਦੀਪ ਸਿੰਘ, ਮਨੋਜ ਕੁਮਾਰ, ਗਗਨ ਰਾਣੂ, ਕਰਮਜੀਤ ਸਿੰਘ ਨਾਭਾ, ਮਨਦੀਪ ਕੌਰ ਟੋਡਰਪੁਰ, ਮਨਪ੍ਰੀਤ ਕੌਰ, ਸੋਨੀਆ ਪਟਿਆਲਾ, ਰਾਜਿੰਦਰ ਸਮਾਣਾ, ਹਰਵੀਰ ਕੌਰ ਅਤੇ ਅਮਨਪ੍ਰੀਤ ਕੌਰ ਆਦਿ ਵੀ ਮੌਜੂਦ ਰਹੇ।