ਧੀ ਨੂੰ ਲੋਹੜੀ ਦੇ ਕੇ ਜਾ ਰਹੇ ਜੋੜੇ ਦੀ ਐਕਟਿਵਾ ਨੂੰ ਟਰੱਕ ਨੇ ਮਾਰੀ ਟੱਕਰ, ਅੌਰਤ ਦੀ ਮੌਤ

01/15/2020 11:31:17 PM

ਕੁਰਾਲੀ,(ਬਠਲਾ)- ਸ਼ਹਿਰ ਦੀ ਬਡਾਲੀ ਰੋਡ ਦੇ ਪੁਲ ਦੀ ਸਰਵਿਸ ਰੋਡ ’ਤੇ ਇਕ ਟਰੱਕ ਨੇ ਸਕੂਟਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਕਾਰਨ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਡਾਲੀ ਰੋਡ ਉਤੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਕੂਟਰ ’ਤੇ ਸਵਾਰ ਹੋ ਕੇ ਜਾ ਰਹੇ ਪਤੀ-ਪਤਨੀ ਨੂੰ ਟਰੱਕ ਨੇ ਲਪੇਟ ਵਿਚ ਲੈ ਲਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੀ ਬਡਾਲੀ ਰੋਡ ਦੇ ਉਪਰੋਂ ਲੰਘ ਰਹੇ ਕੁਰਾਲੀ ਬਾਈਪਾਸ ਦੇ ਫਲਾਈਓਵਰ ਦੇ ਘੱਟ ਉੱਚਾ ਹੋਣ ਕਾਰਨ ਟਰੱਕ ਚਾਲਕ ਆਪਣੇ ਟਰੱਕ ਨੂੰ ਫਲਾਈਓਵਰ ਦੀ ਸਰਵਿਸ ਰੋਡ ਤੋਂ ਘੁੰਮਾ ਕੇ ਮੁਡ਼ ਬਡਾਲੀ ਰੋਡ ’ਤੇ ਚਡ਼੍ਹਾਉਣ ਲੱਗਾ ਸੀ।

ਇਸੇ ਦੌਰਾਨ ਟਰੱਕ (ਨੰਬਰ ਪੀ. ਬੀ. 11 ਬੀ. ਐੱਫ. 3751) ਨੇ ਬਡਾਲੀ ਵਾਲੇ ਪਾਸੇ ਤੋਂ ਆ ਰਹੇ ਸਕੂਟਰ (ਨੰਬਰ ਪੀ. ਬੀ. 65 ਏ. ਪੀ. 2455) ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਦੌਰਾਨ ਟਰੱਕ ਨੇ ਮਹਿਲਾ ਨੂੰ ਦਰਡ਼ ਦਿੱਤਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਗੁਰਮੇਲ ਕੌਰ ਪਤਨੀ ਨਾਇਬ ਸਿੰਘ ਨਿਵਾਸੀ ਮਸਤਗਡ਼੍ਹ ਵਜੋਂ ਹੋਈ ਹੈ। ਮ੍ਰਿਤਕਾ ਆਪਣੇ ਪਤੀ ਨਾਇਬ ਸਿੰਘ ਨਾਲ ਪਿੰਡ ਬਡਾਲੀ ਵਿਖੇ ਆਪਣੀ ਪੁੱਤਰੀ ਨੂੰ ਲੋਹਡ਼ੀ ਦਾ ਸੰਧਾਰਾ ਦੇ ਕੇ ਮੁਡ਼ ਆਪਣੇ ਪਿੰਡ ਪਰਤ ਰਹੀ ਸੀ। ਹਾਦਸੇ ਦੀ ਸੂਚਨਾ ਮਿਲਣ ਉਪਰੰਤ ਸਥਾਨਕ ਸਿਟੀ ਪੁਲਸ ਦੀ ਪਾਰਟੀ ਮੌਕੇ ’ਤੇ ਪੁੱਜ ਗਈ। ਪੁਲਸ ਨੇ ਹਾਸਦਾਗ੍ਰਸਤ ਵਾਹਨਾਂ ਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ।       


Bharat Thapa

Content Editor

Related News