ਨਵ-ਵਿਆਹੁਤਾ ਨੇ ਸਹੁਰੇ ਪਰਿਵਾਰ ''ਤੇ ਲਾਏ ਜ਼ਬਰੀ ਗਰਭਪਾਤ ਕਰਵਾਉਣ ਦੇ ਦੋਸ਼

05/20/2020 2:28:04 PM

ਖਰੜ (ਗਗਨਦੀਪ) :ਪਿੰਡ ਸਿੱਲ੍ਹ ਦੀ ਨਵ-ਵਿਆਹੁਤਾ ਨੇ ਆਪਣੇ ਹੀ ਸਹੁਰੇ ਪਰਿਵਾਰ 'ਤੇ ਦਾਜ ਮੰਗਣ, ਕੁੱਟਮਾਰ ਕਰਨ ਅਤੇ ਉਸਦੇ ਢਾਈ ਮਹੀਨਿਆਂ ਦੇ ਬੱਚੇ ਦਾ ਜ਼ਬਰੀ ਗਰਭਪਾਤ ਕਰਵਾਉਣ ਦੇ ਕਥਿਤ ਦੋਸ਼ ਲਾਏ ਹਨ। ਜ਼ਿਲ੍ਹਾ ਪੁਲਸ ਮੁੱਖੀ ਮੋਹਾਲੀ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਕਰੀਬ 24 ਸਾਲਾ ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ 7 ਫ਼ਰਵਰੀ 2020 ਨੂੰ ਪਿੰਡ ਚੈੜੀਆਂ ਜ਼ਿਲ੍ਹਾ ਰੂਪਨਗਰ ਦੇ ਰਹਿਣ ਵਾਲੇ ਲੜਕੇ ਨਾਲ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ, ਜੋ ਕਿ ਵਿਦੇਸ਼ 'ਚ ਸੀ। ਉਸ ਨੇ ਦੱਸਿਆ ਕਿ ਮੇਰਾ ਵਿਆਹ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਦਾਜ ਨਾ ਲਿਆਉਣ ਕਾਰਣ ਤਾਹਨੇ-ਮਹਿਣੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਪਏ। ਮੰਗ ਪੂਰੀ ਨਾ ਹੋਣ 'ਤੇ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ ਕਥਿਤ ਦੋਸ਼ ਲਾਉਂਦਿਆ ਦੱਸਿਆ ਕਿ ਮੇਰੇ ਸਹੁਰੇ ਪਰਿਵਾਰ ਨੇ ਮੇਰਾ ਜ਼ਬਰੀ ਗਰਭਪਾਤ ਵੀ ਕਰਵਾ ਦਿੱਤਾ। ਪੀੜਤਾ ਨੇ ਐੱਸ. ਐੱਸ. ਪੀ. ਮੋਹਾਲੀ ਤੋਂ ਮੰਗ ਕੀਤੀ ਕਿ ਅਹਿਜੇ ਦਾਜ ਦੇ ਲੋਭੀਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਸਬੰਧੀ ਵਿਆਹੁਤਾ ਦੇ ਪਤੀ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇ-ਬੁਨਿਆਦ ਹਨ। ਉਸ ਨੇ ਦੱਸਿਆ ਕਿ ਸਾਡਾ ਵਿਆਹ ਬਿਲਕੁੱਲ ਸਾਦੇ ਢੰਗ ਨਾਲ ਹੋਇਆ ਸੀ ਅਤੇ ਸਾਡੇ ਵਲੋਂ ਵਿਆਹ ਸਮੇਂ ਜਾਂ ਵਿਆਹ ਤੋਂ ਬਾਅਦ 'ਚ ਕਿਸੇ ਵੀ ਕਿਸਮ ਦੇ ਦਾਜ ਦੀ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੇ ਕਦੇ ਵੀ ਪਤਨੀ ਦੀ ਕੁੱਟਮਾਰ ਕੀਤੀ ਹੈ। ਉਸ ਨੇ ਕਿਹਾ ਕਿ ਮੇਰੀ ਪਤਨੀ ਦਾ ਗਰਭਪਾਤ ਜੋ ਕਿ ਮੇਰੇ ਸਹੁਰਾ ਪਰਿਵਾਰ ਵਲੋਂ ਹੀ ਕਰਵਾਇਆ ਗਿਆ ਸੀ, ਉਸ ਦਾ ਮੈਂ ਵੀ ਵਿਰੋਧ ਕੀਤਾ ਸੀ। ਇਸ ਮਾਮਲੇ ਸਬੰਧੀ ਜਦੋਂ ਘੜੂੰਆਂ ਥਾਣਾ ਮੁੱਖੀ ਕੈਲਾਸ਼ ਬਹਾਦੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਉਨ੍ਹਾਂ ਕੋਲ ਆ ਗਈ ਹੈ। ਇਸ ਬਾਰੇ ਤਫ਼ੀਤਸ਼ ਕੀਤੀ ਜਾਰੀ ਹੈ ਅਤੇ ਸਾਰਿਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Anuradha

Content Editor

Related News