ਕਈ ਸਾਲ ਪਹਿਲਾਂ ਮਰ ਚੁੱਕੇ ਖਾਤਾਧਾਰਕਾਂ ਦੇ ਖਾਤਿਆਂ ''ਚ ਵੀ ਲੱਖਾਂ ਰੁਪਏ ਦਾ ਬਕਾਇਆ

07/18/2018 4:57:28 PM

ਬੁਢਲਾਡਾ (ਬਾਂਸਲ)—ਨੇੜਲੇ ਪਿੰਡ ਟੋਡਰਪੁਰ ਦੀ ਬਹੁਮੰਤਵੀ ਸਹਿਕਾਰੀ ਸਭਾ ਦੇ ਕੁਝ ਸਾਲ ਪਹਿਲਾਂ ਮਰ ਚੁੱਕੇ ਖਾਤਾਧਾਰਕਾਂ ਦੇ ਖਾਤਿਆਂ 'ਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਮਾਮਲੇ 'ਚ ਸਭਾ ਦੇ ਮੈਂਬਰਾਂ ਵੱਲੋਂ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਉਕਤ ਸਹਿਕਾਰੀ ਸਭਾ ਤਿੰਨ ਪਿੰਡਾਂ ਟੋਡਰਪੁਰ, ਸਸਪਾਲੀ, ਭਖੜਿਆਲ ਪਿੰਡਾਂ ਦੇ ਕਿਸਾਨਾਂ ਨਾਲ ਸਬੰਧਿਤ ਹੈ। ਅੱਜ ਸਭਾ ਦੇ ਇਕੱਠੇ ਹੋਏ ਮੈਂਬਰਾਂ ਅਤੇ ਕੁਝ ਸਮਾਂ ਪਹਿਲਾਂ ਮਰ ਚੁੱਕੇ ਸਭਾ ਦੇ ਮੈਂਬਰਾਂ ਦੇ ਸਬੰਧਿਤ ਵਿਅਕਤੀਆਂ ਵਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ 'ਚ ਅਜੇ ਵੀ ਲੱਖਾਂ ਰੁਪਏ ਬਕਾਇਆ ਹੋਣ ਦਾ ਪਤਾ ਚੱਲਣ 'ਤੇ ਪਿਛਲੇ ਸਮੇਂ ਦੌਰਾਨ ਹੋਏ ਘਪਲੇਬਾਜ਼ੀ ਦਾ ਦੋਸ਼ ਲਾਇਆ। ਇਸ ਮੌਕੇ ਗੁਰਦੀਪ ਸਿੰਘ, ਟੋਡਰਪੁਰ, ਅਮਨਦੀਪ ਸਿੰਘ, ਨਰੋਤਮ ਸਿੰਘ ਆਦਿ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਕਿ ਇਸ ਸਭਾ ਦੇ ਖਾਤਾਧਾਰਕ ਸਨ। ਅੱਜ ਸਭਾ ਦੇ ਰਿਕਾਰਡ ਮੁਤਾਬਕ ਲੱਖਾਂ ਰੁਪਏ ਦਾ ਬਕਾਇਆ ਦੱਸਿਆ ਜਾ ਰਿਹਾ ਹੈ। ਜਦੋਕਿ ਕਈਆਂ ਨੂੰ ਤਾਂ ਮਰਿਆਂ ਵੀ 10 ਤੋਂ 20 ਸਾਲ ਹੋ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਮਹਿਕਮੇ ਵਲੋਂ ਕਿਸੇ ਤਰ੍ਹਾਂ ਦਾ ਕੋਈ ਬਕਾਇਆ ਜਾ ਰਿਕਵਰੀ ਦਾ ਪੱਤਰ ਤੱਕ ਨਹੀਂ ਮਿਲਿਆ। ਇਸ ਮੌਕੇ ਅਜੈਬ ਸਿੰਘ ਭਖੜਿਆਲ ਅਤੇ ਹਰਭਜਨ ਸਿੰਘ ਟੋਡਰਪੁਰ ਨੇ ਦੋਸ਼ ਲਾਇਆ ਕਿ ਸਕੱਤਰ ਵਲੋਂ ਕਲੀਅਰਨੈੱਸ ਦੇਣ ਦੇ ਬਾਵਜੂਦ ਵੀ ਖਾਤੇ 'ਚ ਬਕਾਇਆ ਜਿਓ ਦਾ ਤਿਓ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਉੇੱਚ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਮਹਿਕਮੇ ਵਲੋਂ ਅਜੇ ਤੱਕ ਕੋਈ ਕਾਰਵਾਈ ਆਰੰਭ ਨਾ ਕਰਨਾ ਸ਼ੱਕ ਦੇ ਘੇਰੇ 'ਚ ਹੈ ਕਿ ਉਹ ਵੀ ਇਸ ਸਭ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਭਾ 'ਚ ਹੋਏ ਲੱਖਾਂ ਰੁਪਏ ਦੇ ਘਪਲੇਬਾਜ਼ੀ ਦੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਅਤੇ ਦੋਸ਼ੀ ਅਧਿਕਾਰੀਆਂ ਅਤੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਕੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਲੇ। ਉਨ੍ਹਾਂ ਨੇ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਸਲੇ 'ਚ ਉੱਚ ਪੱਧਰੀ ਜਾਂਚ ਨਾ ਕਰਵਾਈ ਗਈ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਉੱਚ ਅਧਿਕਾਰੀਆਂ ਦਾ ਘਿਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।