ਗਊ ’ਚ ਵੱਜ ਕੇ ਕਾਰ ਖੰਭੇ ਨਾਲ ਟਕਰਾਈ, 4 ਜ਼ਖ਼ਮੀ, ਗਊ ਦੀ ਮੌਤ

12/14/2018 3:49:52 AM

ਜੈਤੋ, (ਜਿੰਦਲ)- ਬੀਤੀ ਰਾਤ ਬਠਿੰਡਾ ਵਿਖੇ ਪ੍ਰੋਗਰਾਮ ਪੇਸ਼ ਕਰਨ ਉਪਰੰਤ ਆਰਕੈਸਟਰਾ ਦੀ ਟੀਮ ਟਵੇਰਾ ਕਾਰ ’ਤੇ ਕੋਟਕਪੂਰਾ ਵੱਲ ਜਾ ਰਹੀ ਸੀ। ਇਸ ਦੌਰਾਨ ਅਚਾਨਕ ਪਿੰਡ ਨਾਨਕਸਰ ਦੇ ਨਜ਼ਦੀਕ ਕਾਰ ਇਕ ਬੇਸਹਾਰਾ ਗਊ ਵਿਚ ਵੱਜ ਕੇ ਸਡ਼ਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ। ਇਸ ਕਾਰ ’ਚ ਸਵਾਰ ਦੋ ਲਡ਼ਕੀਆਂ ਅਤੇ ਦੋ ਲਡ਼ਕੇ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਜਾਣਕਾਰੀ ਕਿਸੇ ਰਾਹਗੀਰ ਨੇ ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਸ਼ਾਲ ਗੋਇਲ ਨੂੰ ਦਿੱਤੀ। ਇਸ ਦੌਰਾਨ ਪ੍ਰਧਾਨ ਗੋਇਲ ਸਾਥੀਅਾਂ ਨਾਲ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਆਰਕੈਸਟਰਾਂ ਦੀ ਟੀਮ ਦੇ ਮੈਂਬਰ ਸਿਲੋਨੀ ਰਾਣੀ (25) ਪਤਨੀ ਜਸਪਾਲ ਕੁਮਾਰ ਵਾਸੀ ਕੋਟਕਪੂਰਾ, ਅੰਜਲੀ ਰਾਣੀ (32) ਪਤਨੀ ਜਗਦੀਪ ਕੁਮਾਰ ਵਾਸੀ ਕੋਟਕਪੂਰਾ, ਪਰਮਜੀਤ ਸਿੰਘ (36) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਮੌਡ਼ ਅਤੇ ਲਵਪ੍ਰੀਤ ਸਿੰਘ (15) ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਮੌਡ਼ ਨੂੰ ਸਿਵਲ ਹਸਪਤਾਲ, ਕੋਟਕਪੂਰਾ ਲਿਅਾਂਦਾ। ਇਨ੍ਹਾਂ ਸਾਰਿਅਾਂ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਹਸਪਤਾਲ ’ਚ ਤਾਇਨਾਤ ਡਾਕਟਰਾਂ ਨੇ ਮੁੱਢਲੀ ਸਹਾਇਤਾ ਇਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ। ਇਸ ਹਾਦਸੇ ’ਚ ਗਊ ਦੀ ਮੌਤ ਹੋ ਗਈ ਸੀ।