''ਆਪ'' ਵਰਕਰਾਂ ਅਤੇ ਪ੍ਰਾਈਵੇਟ ਲੈਬ ਮਾਲਕਾਂ ''ਚ ਤਕਰਾਰ

04/15/2018 12:59:20 PM

ਤਪਾ ਮੰਡੀ (ਮਾਰਕੰਡਾ, ਸ਼ਾਮ, ਗਰਗ)—ਸਰਕਾਰੀ ਹਸਪਤਾਲ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਪ੍ਰਾਈਵੇਟ ਲੈਬ ਮਾਲਕ ਵੱਲੋਂ ਹਸਪਤਾਲ ਵਿਚ ਦਾਖ਼ਲ ਹੋ ਕੇ ਮਰੀਜ਼ ਦੇ ਸੈਂਪਲ ਲੈ ਕੇ ਉਨ੍ਹਾਂ ਤੋਂ ਕਥਿਤ ਤੌਰ 'ਤੇ ਧੱਕੇ ਨਾਲ ਵੱਧ ਬਿੱਲ ਦੀ ਵਸੂਲੀ ਕੀਤੀ ਜਾ ਰਹੀ ਸੀ। ਜਿਵੇਂ ਹੀ ਇਸਦੀ ਭਿਣਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਈ ਤਾਂ ਉਹ ਹਸਪਤਾਲ ਪਹੁੰਚ ਗਏ ਅਤੇ ਦੋਵਾਂ ਧਿਰਾਂ 'ਚ ਤਕਰਾਰਬਾਜ਼ੀ ਸ਼ੁਰੂ ਹੋ ਗਈ। 'ਆਪ' ਵਰਕਰਾਂ ਨੇ ਡਾਕਟਰਾਂ ਨੂੰ ਪ੍ਰਾਈਵੇਟ ਲੈਬ ਵਾਲਿਆਂ ਨੂੰ ਆਪਣੇ ਕਮਰਿਆਂ 'ਚ ਦਾਖਲ ਨਾ ਹੋਣ ਦੀ ਤਾਕੀਦ ਕੀਤੀ। ਇਸ ਦੌਰਾਨ ਨਾਰਾਇਣ ਸਿੰਘ ਪੰਧੇਰ, ਕੁਲਵਿੰਦਰ ਸਿੰਘ ਚੱਠਾ, ਜਸਵਿੰਦਰ ਸਿੰਘ ਚੱਠਾ ਅਤੇ ਗੁਰਜੰਟ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਰਕਾਰੀ ਡਾਕਟਰ ਮਰੀਜ਼ਾਂ ਨੂੰ ਬੇਲੋੜੇ ਟੈਸਟ ਲਿਖ ਦਿੰਦੇ ਹਨ। ਅਜਿਹੇ ਟੈਸਟਾਂ ਦਾ ਹਸਪਤਾਲਾਂ ਵਿਚ ਪ੍ਰਬੰਧ ਨਾ ਹੋਣ ਕਾਰਨ ਪ੍ਰਾਈਵੇਟ ਲੈਬਾਂ ਵਾਲੇ ਮਰੀਜ਼ਾਂ ਦੀ ਲੁੱਟ-ਖਸੁੱਟ ਕਰਦੇ ਹਨ। ਇਸ ਮੌਕੇ 'ਆਪ' ਵਰਕਰਾਂ ਨੇ ਪ੍ਰਾਈਵੇਟ ਲੈਬ ਮਾਲਕਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। 
ਇਸ ਸਬੰਧੀ ਜਦੋਂ ਐੱਸ. ਐੱਮ. ਓ. ਤਪਾ ਡਾ. ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਾ ਹੋਣ ਦਾ ਕਹਿ ਕੇ ਪੱਲਾ ਝਾੜ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਲੈਬ ਮਾਲਕਾਂ ਨੂੰ ਹਸਪਤਾਲ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਡਾਕਟਰਾਂ ਨੂੰ ਵੀ ਹਦਾਇਤਾਂ ਕਰ ਦਿੱਤੀਆਂ ਹਨ।