''ਆਪ'' ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋ ਰਹੀ ਹੈ : ਜਨਮੇਜਾ ਸਿੰਘ ਸੇਖੋਂ

05/10/2022 1:01:14 AM

ਫਿਰੋਜ਼ਪੁਰ (ਕੁਮਾਰ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਯੂਥ ਅਕਾਲੀ ਆਗੂ ਰੋਹਿਤ ਕੁਮਾਰ ਮੌਂਟੂ ਵੋਹਰਾ, ਨੋਨੀ ਮਾਨ ਗੁਰੂਹਰਸਹਾਏ ਆਦਿ ਦੀ ਅਗਵਾਈ ਹੇਠ ਪੰਜਾਬ ਦੇ ਗਵਰਨਰ ਦੇ ਨਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਫ਼ਤਰ 'ਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਨਮੇਜਾ ਸਿੰਘ ਸੇਖੋਂ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹਰ ਫਰੰਟ ’ਤੇ ਫੇਲ ਸਾਬਤ ਹੋ ਰਹੀ ਹੈ ਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ।

ਇਹ ਵੀ ਪੜ੍ਹੋ : ਖਾਲਿਸਤਾਨੀ ਝੰਡੇ ਲਾਉਣ ਦਾ ਮਾਮਲਾ; ਹਿਮਾਚਲ ਦੀਆਂ ਸਰਹੱਦਾਂ 'ਤੇ ਵਧਾਈ ਗਈ ਚੌਕਸੀ, ਪ੍ਰਸ਼ਾਸਨ ਹਾਈ ਅਲਰਟ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦਾ ਭਾਰੀ ਸੰਕਟ ਹੈ ਅਤੇ ਵੱਡੇ ਕੱਟਾਂ ਕਾਰਨ ਕਿਸਾਨਾਂ ਨੂੰ ਲੋੜ ਅਨੁਸਾਰ ਪਾਣੀ ਲਗਾਉਣ ਲਈ ਬਿਜਲੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਕਿਸਾਨ ਆਰਥਿਕ ਤੌਰ ’ਤੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ 'ਚ ਬਿਜਲੀ ਸਰਪਲੱਸ ਸੀ ਪਰ ਕੈਪਟਨ ਸਰਕਾਰ ਤੇ ਮੌਜੂਦਾ ਸਰਕਾਰ ਨੇ ਬਿਜਲੀ ਦੀ ਪੈਦਾਵਾਰ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਖੇਤੀ ਦੇ ਨਾਲ-ਨਾਲ ਛੋਟੇ-ਵੱਡੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਤੋਂ ਭੱਜ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਹੋਇਆ ਵੱਡਾ ਧਮਾਕਾ, ਪੂਰਾ ਇਲਾਕਾ ਸੀਲ (ਵੀਡੀਓ)

ਸ਼੍ਰੋਮਣੀ ਅਕਾਲੀ ਦਲ ਨੇ ਕਣਕ ਦੀ ਫ਼ਸਲ ਦੇ ਘੱਟ ਝਾੜ ਕਾਰਨ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧੀ ਕੇਸ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਤਾਂ ਕਿ ਕੇਂਦਰ ਸਰਕਾਰ ਤੋਂ ਵੀ ਕਿਸਾਨਾਂ ਨੂੰ ਆਰਥਿਕ ਮਦਦ ਮਿਲ ਸਕੇ। ਸੇਖੋਂ ਤੇ ਉਨ੍ਹਾਂ ਦੇ ਸਾਥੀਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਹਰ ਰੋਜ਼ ਕਤਲ, ਲੁੱਟ-ਖੋਹ, ਚੋਰੀਆਂ ਆਦਿ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਕਾਲੀ ਆਗੂਆਂ ਨੇ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀਆਂ ਵਧ ਰਹੀਆਂ ਕੀਮਤਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ ਅਤੇ ਗਰੀਬ ਵਰਗ ਦੇ ਲੋਕ ਬੜੀ ਮੁਸ਼ਕਿਲ ਨਾਲ 2 ਵਕਤ ਦੀ ਰੋਟੀ ਪੂਰੀ ਕਰ ਪਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ’ਤੇ ਟੈਕਸ ਘਟਾਵੇ ਤੇ ਕੇਂਦਰ ਸਰਕਾਰ ਵੀ ਆਪਣਾ ਟੈਕਸ ਘਟਾ ਕੇ ਲੋਕਾਂ ਨੂੰ ਘੱਟ ਕੀਮਤ ’ਤੇ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਸਿਲੰਡਰ ਮੁਹੱਈਆ ਕਰਵਾਏ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਅਕਾਲੀ ਆਗੂਆਂ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਨਾ ਬਣਾਏ ਜਾਣ ਕਾਰਨ ਪੰਜਾਬ ਵਿੱਚ ਰੇਤਾ-ਬੱਜਰੀ ਆਦਿ ਨਹੀਂ ਮਿਲ ਰਹੇ, ਜਿਸ ਕਾਰਨ ਸੜਕਾਂ ਦੇ ਨਿਰਮਾਣ ਅਤੇ ਵਿਕਾਸ ਆਦਿ ਦੇ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਪੰਜਾਬ 'ਚ ਆਮ ਆਦਮੀ ਲਈ ਆਪਣਾ ਘਰ ਬਣਾਉਣਾ ਵੀ ਔਖਾ ਹੋ ਗਿਆ ਹੈ ਤੇ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਕਾਲੀ ਦਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਅਤੇ ਮੌਜੂਦਾ ਸਰਕਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ।


Mukesh

Content Editor

Related News