ਆਪ-ਕਾਂਗਰਸ ਦੇ ਗਠਜੋੜ ਲਈ ਗੱਲਬਾਤ ਨੇ ਸਾਬਿਤ ਕੀਤਾ ਕਿ ਆਪ ਕਾਂਗਰਸ ਦੀ ਬੀ ਟੀਮ ਹੈ : ਹਰਸਿਮਰਤ ਬਾਦਲ

03/21/2019 5:22:24 AM

ਚੰਡੀਗੜ੍ਹ,(ਜ.ਬ.)– ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਗਠਜੋੜ ਲਈ ਚੱਲ ਰਹੀ ਖੁੱਲ੍ਹੀ ਗੱਲਬਾਤ ਨੇ ਸਾਬਿਤ ਕਰ ਦਿੱਤਾ ਹੈ ਕਿ ਆਪ ਕਾਂਗਰਸ ਦੀ ਬੀ ਟੀਮ ਹੈ ਅਤੇ ਕਾਂਗਰਸ ਇਕ ਨਿਰਾਲਾ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਸਾਰੇ ਚੋਣ ਵਾਅਦਿਆਂ ਤੋਂ ਮੁੱਕਰ ਜਾਣ ਮਗਰੋਂ ਹੁਣ ਇਸ ਵਿਚ ਇਕੱਲਿਆਂ ਲੋਕਾਂ ’ਚ ਜਾਣ ਦਾ ਹੌਸਲਾ ਨਹੀਂ ਰਿਹਾ ਹੈ।
ਉਨ੍ਹਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਇਕ ਰਸਮੀ ਗਠਜੋੜ ਬਣਾਉਣ ਲਈ ਕਾਂਗਰਸ ਨਾ ਸਿਰਫ ਆਪ ਨਾਲ ਗੱਲਬਾਤ ਕਰ ਰਹੀ ਹੈ, ਸਗੋਂ ਇਸ ਨੇ ਅਖੌਤੀ ਟਕਸਾਲੀਆਂ ਅਤੇ ਸੁਖਪਾਲ ਖਹਿਰਾ ਦੇ ਧੜੇ ਨਾਲ ਵੀ ਗੈਰ-ਰਸਮੀ ਗਠਜੋੜ  ਕਾਇਮ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਘਬਰਾਹਟ ਦੀ ਨਿਸ਼ਾਨੀ ਹੈ। ਕਾਂਗਰਸ ਨੇ ਮਹਿਸੂਸ ਕਰ ਲਿਆ ਹੈ ਕਿ ਆ ਰਹੀਆਂ ਚੋਣਾਂ ਵਿਚ ਲੋਕ ਇਸ ਨੂੰ ਸਬਕ ਸਿਖਾਉਣਗੇ। ਇਸ ਲਈ ਇਹ ਆਪ ਨਾਲ ਗੱਲਬਾਤ ਕਰ ਰਹੀ ਹੈ ਅਤੇ ਪੰਥਕ ਵੋਟ ਲੈਣ ਵਾਸਤੇ ਅਖੌਤੀ ਟਕਸਾਲੀਆਂ ਦੀ ਅਗਵਾਈ ਕਰ ਰਹੀ ਹੈ। ਇਸ ਦੇ ਅਜਿਹੇ ਹਥਕੰਡੇ ਕਾਮਯਾਬ ਨਹੀਂ ਹੋਣਗੇ। ਸਿੱਖ ਪੰਥ ਕਾਂਗਰਸ ਦੀਆਂ ਸਿਆਸੀ ਚਾਲਾਂ ਨੂੰ ਵੇਖ ਚੁੱਕਿਆ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਵਾਉਣ ਵਾਲਿਆਂ ਅਤੇ ਦਿੱਲੀ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਸਿੱਖ ਪੰਥ ਵੱਲੋਂ ਕਦੇ ਮੂੰਹ ਨਹੀਂ ਲਾਇਆ ਜਾਵੇਗਾ।
‘ਆਪ’ ਬਾਰੇ  ਬੀਬੀ ਬਾਦਲ ਨੇ ਕਿਹਾ ਕਿ ਇਸ ਪਾਰਟੀ ਦਾ ਇੰਨਾ ਮਾੜਾ ਹਾਲ ਹੋ ਚੱੁਕਾ ਹੈ ਕਿ ਇਹ ਆਪਣੇ ਸਟੇਟ ਕਨਵੀਨਰ ਭਗਵੰਤ ਮਾਨ ਵਾਸਤੇ ਸਿਰਫ ਇਕ ਸੰਗਰੂਰ ਦੀ ਸੀਟ ਲੈਣ ਵਾਸਤੇ ਕਾਂਗਰਸ ਪਾਰਟੀ ਦੇ ਹਾੜੇ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ  ਦਾ ਵੀ ਸਾਰਾ ਜ਼ੋਸ ਠੰਡਾ ਪੈ ਚੁੱਕਾ ਹੈ ਅਤੇ ਉਹ ਦਿੱਲੀ, ਹਰਿਆਣਾ ਅਤੇ ਪੰਜਾਬ ਅੰਦਰ ਗਠਜੋੜ ਕਰਨ ਲਈ ਕਾਂਗਰਸ ਦੇ ਹਾੜੇ ਕੱਢ ਰਿਹਾ ਹੈ।
ਉਨ੍ਹਾਂ ਕਿਹਾ ਕਿ  ਜੇਕਰ ਆਪ ਦਿੱਲੀ ਅੰਦਰ ਸੱਤਾ ਵਿਚ ਆਈ ਤਾਂ ਉਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਖਿਲਾਫ ਇਕ ਅਪਰਾਧਿਕ ਮਾਮਲਾ ਦਰਜ ਕਰੇਗਾ। ਇਹ ਟਿੱਪਣੀ ਕਰਦਿਆਂ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ-ਭਾਜਪਾ ਗਠਜੋੜ ਦੀ ਮਜ਼ਬੂਤ ਇਰਾਦੇ ਵਾਲੀ ਲੀਡਰਸ਼ਿਪ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਨਾਲ ਲਿਬੜੀ ਕਾਂਗਰਸ ਦੀ ਨਿਕੰਮੀ ਸਰਕਾਰ  ਅਤੇ ਆਪ ਵਰਗੇ ਮੌਕਾਪ੍ਰਸਤ ਗਰੁੱਪ ਹਨ, ਇਨ੍ਹਾਂ ਵਿਚੋਂ ਲੋਕਾਂ ਨੇ ਆਪਣੀ ਸਮਝ ਅਨੁਸਾਰ ਚੋਣ ਕਰਨੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਲੋਕ ਵਿਕਾਸ ਅਤੇ ਖੁਸ਼ਹਾਲੀ ਦੀ ਅਗਵਾਈ ਕਰਨ ਵਾਲੇ ਅਕਾਲੀ-ਭਾਜਪਾ ਗਠਜੋੜ ਨੂੰ ਹੀ ਚੁਣਨਗੇ।