ਕੋਰੋਨਾ ਦੀ ਮਾਰ, ਸਮੁੱਚਾ ਕੰਮਕਾਰ ''ਠੱਪ'' ਪਰ ਬਿਜਲੀ ਦੇ ਬਿੱਲ ਆਉਣ ਨਾਲ ਭੜਕੀ ਆਪ

05/14/2020 6:06:01 PM

ਮੋਗਾ (ਗੋਪੀ ਰਾਊਕੇ): ਵਿਸ਼ਵ ਪੱਧਰ ਤੇ ਫੈਲੀ ਕੋਰੋਨਾ ਦੀ ਮਹਾਮਾਰੀ ਕਰਕੇ ਭਾਵੇਂ ਸਮੁੱਚਾ ਕੰਮ-ਕਾਰ 'ਠੱਪ' ਪਿਆ ਹੈ ਪਰ ਫਿਰ ਵੀ ਪਾਵਰਕਾਮ ਵਲੋਂ ਬੰਦ ਪਈਆਂ ਦੁਕਾਨਾਂ ਦੇ ਬਿਜਲੀ ਬਿੱਲ ਭੇਜਣ ਦੇ ਮਾਮਲੇ ਤੇ 'ਖਫ਼ਾ' ਆਮ ਆਦਮੀ ਪਾਰਟੀ ਨੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਇਸੇ ਲੜੀ ਤਹਿਤ ਅੱਜ ਬਿਜਲੀ ਘਰ ਮੋਗਾ ਦੇ ਮੂਹਰੇ ਪਾਰਟੀ ਵਲੋਂ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਬਿੱਲ ਮੁਆਫ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸੰਘਾ ਨੇ ਦੋਸ਼ ਲਗਾਇਆ ਕਿ 23 ਮਾਰਚ ਤੋਂ ਲਗਾਏ ਗਏ ਕਰਫਿਊ ਕਰਕੇ ਸਮੁੱਚਾ ਕਾਰੋਬਾਰ ਬੰਦ ਪਿਆ ਹੈ ਤੇ ਇਸ ਲਈ ਬੰਦ ਪਈਆਂ ਦੁਕਾਨਾਂ ਦੇ ਬਿਜਲੀ ਬਿੱਲ ਭਰਨ ਤੋਂ ਦੁਕਾਨਦਾਰ ਅਮਸਰੱਥ ਹਨ, ਕਿਉਂਕਿ ਦੁਕਾਨਾਂ ਬੰਦ ਰਹਿਣ ਕਰਕੇ ਪਹਿਲਾਂ ਹੀ ਦੁਕਾਨਦਾਰਾਂ ਦਾ ਸਮੁੱਚਾ ਘਰੇਲੂ 'ਤਾਣਾ- ਬਾਣਾ' ਉਲਝ ਕੇ ਰਹਿ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਬੰਦ ਪਈਆਂ ਦੁਕਾਨਾਂ ਦਾ ਬਿਜਲੀ ਬਿੱਲ ਤਰੁੰਤ ਮੁਆਫ਼ ਕੀਤਾ ਜਾਵੇ। ਇਸ ਮੌਕੇ ਸੂਬਾਈ ਆਗੂ ਅਮਿਤ ਪੁਰੀ, ਅਮਨ ਰੱਖੜਾ, ਵਿਕਰਮਜੀਤ ਸਿੰਘ ਘਾਤੀ ਤੋਂ ਇਲਾਵਾ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।


Shyna

Content Editor

Related News