ਆਂਗਨਵਾੜੀ ਵਰਕਰਾਂ ਨੇ ਬੱਸ ਸਟੈਂਡ ''ਤੇ ਜਾਮ ਲਾ ਕੇ ਸਾੜੇ ਵਿੱਤ ਮੰਤਰੀ ਦੇ ਪੁਤਲੇ

02/22/2018 3:03:06 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਸੁਖਪਾਲ ਢਿੱਲੋਂ) - ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਥਾਨਿਕ ਬੱਸ ਸਟੈਂਡ ਦੇ ਅੱਗੇ ਜਾਮ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਔਰਤਾਂ ਦਾ ਅਪਮਾਨ ਕਰ ਰਿਹਾ ਹੈ ਅਤੇ ਜਿੰਨਾਂ ਚਿਰ ਉਹ ਇਸ ਗੱਲ ਦੀ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ ਅਤੇ ਔਰਤਾਂ ਸੜਕਾਂ ਤੇ ਭੁੱਖੀਆ ਤਿਹਾਈਆ ਰੁਲਦੀਆਂ ਫਿਰਦੀਆਂ ਹਨ। ਇਸ ਦੇ ਨਾਲ ਹੀ ਪਿੰਡ ਭਲਾਈਆਣਾ, ਦੋਦਾ ਅਤੇ ਮੱਲਣ ਵਿਖੇ ਵੀ ਵਿੱਤ ਮੰਤਰੀ ਦੇ ਪੁਤਲੇ ਫੂਕ ਕੇ ਸਰਕਾਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਰਜਿੰਦਰ ਕੌਰ, ਬਲਜਿੰਦਰ ਕੌਰ ਖੱਪਿਆਂਵਾਲੀ, ਕਿਰਨਪਾਲ ਕੌਰ, ਸੰਦੀਪ ਕੌਰ ਝੁੱਗੇ ਤੋਂ ਇਲਾਵਾ ਹੋਰ ਵੀ ਕਈ ਆਗੂ ਮੌਜੂਦ ਸਨ।