ਸੜਕ ’ਤੇ ਡਿੱਗੇ ਦਰੱਖਤ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

07/21/2020 8:43:30 PM

ਮੋਗਾ, (ਅਜ਼ਾਦ)- ਬੀਤੀ ਰਾਤ ਚਲੇ ਤੇਜ਼ ਝੱਖੜ ਕਾਰਣ ਕੋਟਕਪੂਰਾ ਰੋਡ ’ਤੇ ਸੜਕ ’ਤੇ ਡਿੱਗੇ ਇਕ ਦਰੱਖਤ ਦੀ ਲਪੇਟ ਵਿਚ ਆ ਕੇ ਜਗਸੀਰ ਸਿੰਘ (32) ਨਿਵਾਸੀ ਪਿੰਡ ਚੰਦ ਨਵਾਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਜੁਗਰਾਜ ਸਿੰਘ ਪੁੱਤਰ ਕੇਹਰ ਸਿੰਘ ਨਿਵਾਸੀ ਪਿੰਡ ਨਵਾਂ ਚੰਦ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਪਿੱਪਲ ਸਿੰਘ ਨੇ ਕਿਹਾ ਕਿ ਜਗਸੀਰ ਸਿੰਘ ਨੈਸਲੇ ਵਿਚ ਕੰਮ ਕਰਦਾ ਸੀ, ਜਦ ਉਹ ਆਪਣੇ ਮੋਟਰ ਸਾਈਕਲ ’ਤੇ ਡਿਊਟੀ ਕਰਨ ਦੇ ਬਾਅਦ ਦੇਰ ਸ਼ਾਮ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਜਦੋਂ ਉਹ ਕੋਟਕਪੂਰਾ ਰੋਡ ’ਤੇ ਬਿਜਲੀ ਘਰ ਦੇ ਕੋਲ ਪੁੱਜਿਆ ਤਾਂ ਅਚਾਨਕ ਆਇਆ ਤੇਜ਼ ਝੱਖੜ ਅਤੇ ਬਾਰਸ਼ ਦੇ ਚੱਲਦੇ ਇਕ ਦਰੱਖਤ ਸੜਕ ’ਤੇ ਡਿੱਗਿਆ ਸੀ , ਜਿਸ ਦੀ ਲਪੇਟ ਵਿਚ ਆ ਕੇ ਜਗਸੀਰ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਮੈਂ ਅਤੇ ਸਹਾਇਕ ਥਾਣੇਦਾਰ ਮੇਜਰ ਸਿੰਘ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਲਾਸ਼ ਨੂੰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।


Bharat Thapa

Content Editor

Related News