ਗੈਸ ਏਜੰਸੀ ਦੇ ਕਰਮਚਾਰੀ ਤੋਂ ਅੱਖਾਂ ’ਚ ਮਿਰਚਾਂ ਪਾ ਕੇ 26 ਹਜ਼ਾਰ ਦੀ ਨਕਦੀ ਲੁੱਟੀ

02/19/2021 12:00:39 AM

ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਮਿਆਣੀ ਨੇੜੇ ਅੱਜ ਦਿਨ-ਦਿਹਾੜੇ ਗੈਸ ਏਜੰਸੀ ਦੇ ਕਰਮਚਾਰੀ ਤੋਂ ਨਕਾਬਪੋਸ਼ ਲੁਟੇਰਿਆਂ ਨੇ ਅੱਖਾਂ ਵਿਚ ਮਿਰਚਾਂ ਪਾ ਕੇ 26 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ। ਪਿੰਡ ਮਾਛੀਆਂ ਵਿਖੇ ਚੱਲਦੀ ਗੈਸ ਏਜੰਸੀ ਦੇ ਕਰਮਚਾਰੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਿਆਣੀ ਵਿਖੇ ਗੈਸ ਸਿਲੰਡਰ ਸਪਲਾਈ ਕਰਕੇ ਪਰਤ ਰਿਹਾ ਸੀ ਕਿ ਅਚਾਨਕ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਥ੍ਰੀ-ਵੀਲ੍ਹਰ ਰੋਕ ਕੇ ਰਸਤਾ ਪੁੱਛਿਆ। ਇਨ੍ਹਾਂ ’ਚੋਂ 2 ਨੇ ਉਸ ਦੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ ਅਤੇ ਉਸ ਕੋਲੋਂ 26 ਹਜ਼ਾਰ ਰੁਪਏ ਨਕਦੀ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਲੁਟੇਰਿਆਂ ਦੀ ਭਾਲ ਜਾਰੀ ਹੈ।

Bharat Thapa

This news is Content Editor Bharat Thapa