ਤੇਜ ਹਨੇਰੀ ਅਤੇ ਝੱਖੜ ਕਾਰਨ ਘਰ ''ਚ ਲੱਗੀ ਅੱਗ

06/12/2019 9:07:31 PM

ਭਵਾਨੀਗੜ (ਕਾਂਸਲ)-ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਅੱਜ ਚੱਲੀ ਤੇਜ ਹਨੇਰੀ ਅਤੇ ਝੱਖੜ ਕਾਰਨ ਕਈ ਜਗ੍ਹਾਂ ਉਪਰ ਜਿਥੇ ਦਰਖਤ ਅਤੇ ਬਿਜਲੀ ਦੇ ਖੰਭੇ ਡਿਗਣ ਦਾ ਸਮਾਚਾਰ ਪ੍ਰਾਪਤ ਹੋਇਆ ਉਥੇ ਨੇੜਲੇ ਪਿੰਡ ਅਕਬਰਪੁਰ ਵਿਖੇ ਹਨੇਰੀ ਨਾਲ ਬਿਜਲੀ ਦੀਆਂ ਤਾਰਾਂ ਵਿਚੋਂ ਸਪਾਰਕ ਹੋਣ ਕਾਰਨ ਇਕ ਘਰ ਵਿਚ ਅੱਗ ਲੱਗ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆਂ।
ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਕਬਰਪੁਰ ਦੇ ਸਰਪੰਚ ਜਗਦੀਸ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਚਲੀ ਤੇਜ ਹਨੇਰੀ ਅਤੇ ਝੱਖੜ ਕਾਰਨ ਉਨ੍ਹਾਂ ਦੇ ਪਿੰਡ ਕਥਿਤ ਤੌਰ 'ਤੇ ਬਿਜਲੀ ਦੀਆਂ ਤਾਰਾਂ ਦੇ ਆਪਸ ਵਿਚ ਭਿੜਣ ਕਾਰਨ ਹੋਏ ਸਪਾਰਕ ਕਾਰਨ ਨਿਰਮਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਅਕਬਰਪੁਰ ਦੇ ਨਾਗਰਾ ਰੋਡ ਉਪਰ ਖੇਤਾਂ ਵਿਚ ਸਥਿਤ ਘਰ ਨੇੜੇ ਤੁੜੀ ਦੇ ਕੁੱਪ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਗਈ ਅਤੇ ਅੱਗ ਨੇ ਘਰ ਨੇੜੇ ਪਹਿਲਾਂ ਪਸ਼ੂਆਂ ਦੇ ਰੱਖ ਰਖਾ ਲਈ ਬਣਾਏ ਘਰ ਅਤੇ ਤੂੜੀ ਵਾਲੇ ਕਮਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਫਿਰ ਇਸ ਅੱਗ ਨੇ ਘਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾਂ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਦੇ ਨਾਲ ਪਿੰਡ ਅਕਬਰਪੁਰ ਦੇ ਗੁਰੂ ਘਰ ਵਿਚੋਂ ਅਨਾਉਂਸਮੈਂਟ ਵੀ ਕਰਵਾਈ ਗਈ। ਜਿਸ ਕਾਰਨ ਇਥੇ ਬਚਾਅ ਲਈ ਆਏ ਲੋਕਾਂ ਅਤੇ ਪ੍ਰਸ਼ਾਸਨ ਵੱਲੋਂ ਭੇਜੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਕਾਫੀ ਦੇਰ ਜਦੋ ਜਹਿਦ ਕਰਕੇ ਅੱਗ ਉਪਰ  ਕਾਬੂ ਪਾ ਲਿਆ ਗਿਆ। ਅੱਗ ਦੀ ਘਟਨਾਂ ਦਾ ਪਤਾ ਲਗਦਿਆਂ ਹੀ ਬਚਾਅ ਲਈ ਆਏ ਪਿੰਡ ਵਾਸੀਆਂ ਨੇ ਪਸ਼ੂਆਂ ਨੂੰ ਘਰੋਂ ਬਾਹਰ ਕੱਢ ਕੇ ਇਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ। ਪਰ ਅੱਗ ਦੀ ਇਸ ਘਟਨਾਂ ਵਿਚ ਤੂੜੀ ਵਗੈਰਾ ਸੜ ਜਾਣ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ  ਅਤੇ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ਼ ਸਬ ਇੰਸਪੈਕਟਰ ਮੇਵਾ ਸਿੰਘ ਵੱਲੋਂ ਵੀ ਘਟਨਾਂ ਦਾ ਜਾਇਜਾਂ ਲਿਆ ਗਿਆ ਅਤੇ ਅੱਗ ਬੁਝਾਉਣ ਵਿਚ ਵੀ ਪੂਰੀ ਮੱਦਦ ਕੀਤੀ ਗਈ।
ਇਸ ਤੋਂ ਇਲਾਵਾ ਇਸ ਤੇਜ ਹਨੇਰੀ ਅਤੇ ਝੱਖੜ ਕਾਰਨ ਪਿੰਡ ਬਲਿਆਲ, ਭੱਟੀਵਾਲ ਸਮੇਤ ਕਈ ਹੋਰ ਪਿੰਡਾਂ ਵਿਚ ਦਰਖਤ ਡਿੱਗ ਜਾਣ ਕਰਨ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਜਾਣ ਕਾਰਨ ਇਲਾਕੇ ਦੇ ਪਿੰਡਾਂ ਅਤੇ ਸਥਾਨਕ ਸ਼ਹਿਰ ਵਿਖੇ ਕਾਫੀ ਸਮਾਂ ਬਿਜਲੀ ਸਪਲਾਈ ਗੁਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪਾਵਰਕਾਮ ਦੇ ਐਸ.ਡੀ.ਓ ਨੇ ਦੱਸਿਆ ਕਿ ਦਰਖਤ ਬਿਜਲੀ ਦੇ ਖੰਭਿਆ ਉਪਰ ਡਿੱਗੇ ਹਨ ਇਸ ਲਈ ਬਿਜਲੀ ਕਰਮਚਾਰੀ ਲਾਇਨਾਂ ਨੂੰ ਕਲੀਅਰ ਕਰਨ ਲਈ ਦਰਖਤਾਂ ਦੀ ਕਟਾਈ ਕਰਨ ਵਿਚ ਜੁਟੇ ਹੋਏ ਹਨ ਅਤੇ ਜਲਦ ਹੀ ਬਿਜਲੀ ਸਪਲਾਈ ਦਰੁੱਸਤ ਕਰ ਦਿੱਤੀ ਜਾਵੇਗੀ।


satpal klair

Content Editor

Related News