ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

06/27/2023 6:39:18 PM

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਬੀਤੀ ਦਿਨੀਂ ਉਸ ਸਮੇਂ ਭਗਦੜ ਮੱਚ ਗਈ, ਜਦੋਂ ਬਿਜਲੀ ਦੀਆਂ ਤਾਰਾਂ ਦੇ ਵੱਡੇ ਪੈਨਲ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਕੰਪਲੈਕਸ ’ਚ ਧੂੰਆਂ ਹੀ ਧੂੰਆਂ ਹੋ ਗਿਆ। ਇਸ ਪ੍ਰਬੰਧਕੀ ਕੰਪਲੈਕਸ ’ਚ ਤਹਿਸੀਲ ਦਫ਼ਤਰ, ਸੇਵਾ ਕੇਂਦਰ, ਐੱਸ. ਡੀ. ਐੱਮ. ਦਫਤਰ ਅਤੇ ਹੋਰ ਕਈ ਵਿਭਾਗਾਂ ਦੇ ਦਫ਼ਤਰ ਹਨ। ਬੀਤੀ ਦਿਨੀਂ ਦੁਪਹਿਰ ਦੇ ਸਮੇਂ ਜਦੋਂ ਇਹ ਹਾਦਸਾ ਵਾਪਰਿਆ ਤਾਂ ਜ਼ਿਆਦਾਤਰ ਮੁਲਾਜ਼ਮ ਛੁੱਟੀ ਹੋਣ ਕਾਰਨ ਘਰ ਜਾ ਚੁੱਕੇ ਸਨ ਅਤੇ ਕਈ ਮੁਲਾਜ਼ਮ ਅੰਦਰ ਸਨ, ਜਿਨ੍ਹਾਂ ਨੇ ਧੂੰਆਂ ਦੇਖਿਆ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਸੂਚਨਾ ਮਿਲਦੇ ਹੀ ਫਾਇਰਬ੍ਰਿਗੇਡ ਦੀਆਂ ਤਿੰਨ ਗੱਡੀਆਂ ਉਥੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਜਦੋਂ ਤੋਂ ਇਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਿਆ ਹੈ, ਉਦੋਂ ਤੋਂ ਹੀ ਇਹ ਵਿਵਾਦਾਂ ’ਚ ਘਿਰਿਆ ਰਿਹਾ ਹੈ ਅਤੇ ਇਸ ਕੰਪਲੈਕਸ ’ਚ ਕਈ ਵਾਰ ਅੱਗ ਲੱਗ ਚੁੱਕੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ 

ਕਈ ਅੱਗ ਬੁਝਾਊ ਸਿਲੰਡਰਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ
ਇੰਨੇ ਵੱਡੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਰਕਾਰ ਦੇ ਆਦੇਸ਼ਾਂ ਅਨੁਸਾਰ ਨਿਯਮਾਂ ਅਨੁਸਾਰ ਅੱਗ ਬੁਝਾਊ ਯੰਤਰ (ਸਿਲੰਡਰ) ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਰੀਫਿਲ ਕਰਵਾਇਆ ਜਾਂਦਾ ਹੈ ਅਤੇ ਉਸਦੀ ਵੈਧਤਾ ਕਦੋਂ ਤੱਕ ਹੈ, ਉਸ ਸਿਲੰਡਰ ’ਤੇ ਦਰਜ ਕੀਤੀ ਜਾਂਦੀ ਹੈ ਪਰ ਜਦੋਂ ਅੱਗ ਲੱਗ ਗਈ ਤਾਂ ਦੇਖਿਆ ਗਿਆ ਕਿ ਕਈ ਸਿਲੰਡਰਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਸਬੰਧਤ ਵਿਭਾਗ ਵਲੋਂ ਸਿਲੰਡਰ ਭਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ : ਐਕਸ਼ਨ ’ਚ ਪਾਵਰਕਾਮ : 40 ਖਪਤਕਾਰਾਂ ਨੂੰ ਕੀਤਾ 15.70 ਲੱਖ ਰੁਪਏ ਜੁਰਮਾਨਾ

ਮੌਕੇ ’ਤੇ ਪਹੁੰਚੇ ਅਧਿਕਾਰੀ
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵੀ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਐੱਸ. ਡੀ. ਐੱਮ. ਫਿਰੋਜ਼ਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਜਿਸ ਕਮਰੇ ’ਚ ਲਾਈਟ ਦਾ ਪੂਰਾ ਕੰਟਰੋਲ ਹੈ, ਉੱਥੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਅਤੇ ਅੱਗ ਦੀਆਂ ਲਪਟਾਂ ਤੇਜ਼ ਹੋਣ ਲੱਗੀਆਂ। ਜਦੋਂ ਅੱਗ ਲੱਗੀ, ਉਦੋਂ ਜ਼ਿਆਦਾਤਰ ਸਟਾਫ ਛੁੱਟੀ ਕਰ ਕੇ ਘਰ ਚਲਾ ਗਿਆ ਸੀ ਅਤੇ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਅਧਿਕਾਰੀ ਉੱਥੇ ਪਹੁੰਚ ਗਏ। ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਲੱਗਣ ਨਾਲ ਕੀ ਕੀ ਚੀਜ਼ਾਂ ਸਡ਼ੀਆਂ ਹਨ, ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਥਿਤੀ ਕਾਬੂ ਹੇਠ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਭੈਣ ਨੂੰ ਮਿਲਣ ਲਈ ਛੁੱਟੀ 'ਤੇ ਆਏ ਫ਼ੌਜੀ ਦਾ ਗੋਲ਼ੀਆਂ ਮਾਰ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha