ਪ੍ਰਵਾਸੀ ਮਜ਼ਦੂਰ ਨਾਲ ਜ਼ੁਲਮ ਕਰਨ ਦਾ ਮਾਮਲਾ : ਇਨਸਾਫ ਦਿਵਾਉਣ ਲਈ ਸੜਕਾਂ ’ਤੇ ਉੱਤਰੀਆਂ ਮਜ਼ਦੂਰ ਜਥੇਬੰਦੀਆਂ

07/19/2023 6:27:22 PM

ਫਿਲੌਰ (ਭਾਖੜੀ) : ਪਿੰਡ ਦੇ ਪੰਚ ਵਲੋਂ ਪ੍ਰਵਾਸੀ ਨਾਬਾਲਗ ਮਜ਼ਦੂਰ ਨੂੰ ਦਰੱਖਤ ਨਾਲ ਪੁੱਠਾ ਲਟਕਾ ਕੇ ਉਸ ’ਤੇ ਜ਼ੁਲਮ ਕਰਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਪੀੜਤ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰ ਜਥੇਬੰਦੀਆਂ ਸੜਕਾਂ ’ਤੇ ਉੱਤਰ ਆਈਆਂ ਹਨ। ਮਜ਼ਦੂਰ ਜਥੇਬੰਦੀਆਂ ਨੇ ਸ਼ਹਿਰ ’ਚ ਪੈਦਲ ਰੋਸ ਮਾਰਚ ਕੱਢ ਕੇ ਡੀ. ਐੱਸ. ਪੀ. ਦਫਤਰ ’ਚ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਕਿ ਦਰਜ ਕੇਸ ’ਚ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਜੋੜੀ ਜਾਵੇ। ਪੀੜਤ ਦੇ ਪਰਿਵਾਰ ਵਾਲਿਆਂ ਨੇ ਬਿਹਾਰ ਤੋਂ ਜੋ 35 ਹਜ਼ਾਰ ਰੁਪਏ ਮੁਲਜ਼ਮਾਂ ਦੇ ਖਾਤੇ ’ਚ ਪਾਏ ਉਹ ਜਲਦ ਰਿਕਵਰ ਕੀਤੇ ਜਾਣ ਅਤੇ ਲਾਪਤਾ ਹੋਏ ਮਜ਼ਦੂਰ ਨੂੰ ਉਨ੍ਹਾਂ ਦੀ ਕੈਦ ਤੋਂ ਛੁਡਾ ਕੇ ਉਨ੍ਹਾਂ ਨਾਲ ਮਿਲਵਾਇਆ ਜਾਵੇ ਕਿਉਂਕਿ ਪੀੜਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਸ ਨੇ ਉਸ ਨੂੰ ਕਿੱਥੇ ਅੰਡਰ ਗਰਾਊਂਡ ਕਰਵਾ ਦਿੱਤਾ, ਉਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਜਨਤਕ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਕਾਮਰੇਡ ਜਰਨੈਲ, ਕੁਲਜੀਤ ਸਿੰਘ ਅਤੇ ਮੱਖਣ ਸੰਗਰਾਮੀ ਦੀ ਅਗਵਾਈ ’ਚ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਦੇ ਦਫਤਰ ’ਚ ਗਏ, ਜਿੱਥੇ ਉਨ੍ਹਾਂ ਨੇ ਡੀ. ਐੱਸ. ਪੀ. ਦੀ ਗੈਰ-ਮੌਜੂਦਗੀ ਹੋਣ ਕਾਰਨ ਆਪਣਾ ਮੰਗ-ਪੱਤਰ ਉਨ੍ਹਾਂ ਦੇ ਰੀਡਰ ਨੂੰ ਸੌਂਪਦੇ ਹੋਏ ਮੰਗ ਕੀਤੀ ਕਿ ਬੀਤੇ ਦਿਨ ਪਿੰਡ ਪਾਲਨੌਂ ਦੇ ਪੰਚ ਮਨਵੀਰ ਵਲੋਂ ਬਿਹਾਰ ਦੇ ਜ਼ਿਲਾ ਪੂਰਨੀਆਂ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਮਿਥਲੇਸ਼ ਨੂੰ ਉਸ ਦੀ ਬਿਨਾਂ ਕੋਈ ਗਲਤੀ ਦੇ ਕਈ ਘੰਟੇ ਦਰੱਖਤ ਨਾਲ ਪੁੱਠਾ ਟੰਗੀ ਰੱਖਿਆ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਿਹਾਰ ’ਚ ਵੀਡੀਓ ਕਾਲ ਕਰ ਕੇ ਮਿਥਲੇਸ਼ ਨੂੰ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਨੂੰ ਡਰਾ ਕੇ 35 ਹਜ਼ਾਰ ਰੁਪਏ ਆਪਣੇ ਖਾਤੇ ’ਚ ਪਵਾਏ।

ਇਹ ਵੀ ਪੜ੍ਹੋ : ਕੈਨੇਡਾ ਪੜ੍ਹਨ ਗਏ ਪੁੱਤ ਦੀ ਅਚਾਨਕ ਹੋਈ ਮੌਤ, ਪਿੰਡ ’ਚ ਛਾਇਆ ਮਾਤਮ 

ਉਕਤ ਨੇਤਾਵਾਂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਪਰਾ ਪੁਲਸ ਨੇ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਦੋਂਕਿ ਹਰ ਕਿਸੇ ਨੂੰ ਪਤਾ ਹੈ ਕਿ ਘਟਨਾ ਦੇ ਸਮੇਂ ਮਨਵੀਰ ਨਾਲ ਇਕ ਨਹੀਂ, ਸਗੋਂ 2 ਹੋਰ ਵਿਅਕਤੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਮਿਥਲੇਸ਼ ਨਾਲ ਜਿਸ ਬੇਰਹਿਮੀ ਨਾਲ ਜ਼ੁਲਮ ਕੀਤਾ ਹੈ, ਉਸ ਦੀ ਜਾਨ ਵੀ ਜਾ ਸਕਦੀ ਸੀ। ਇਸ ਲਈ ਦਰਜ ਕੇਸ ’ਚ ਇਰਾਦਾ-ਏ-ਕਤਲ ਦੀ ਧਾਰਾ ਜੋੜੀ ਜਾਵੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੰਨਾ ਸਭ ਕੁਝ ਹੋਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੂੰ ਪੀੜਤ ਮਿਥਲੇਸ਼ ਨੂੰ ਮਲਾਇਆ ਨਹੀਂ ਜਾ ਰਿਹਾ। ਪੁਲਸ ਇਕ ਹੀ ਗੱਲ ਕਹਿ ਰਹੀ ਹੈ ਕਿ ਪੀੜਤ ਲੜਕੇ ਨੂੰ ਬਰਾਮਦ ਕਰ ਕੇ ਉਸ ਦੀ ਮੈਡੀਕਲ ਜਾਂਚ ਕਰਵਾ ਦਿੱਤੀ ਹੈ। ਜੇਕਰ ਮਿਥਲੇਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਤਾਂ ਫਿਰ ਉਸ ਨੂੰ ਅੰਡਰ ਗਰਾਊਂਡ ਕਿਉਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਪਤਾ ਲੱਗ ਰਿਹਾ ਹੈ ਕਿ ਬਿਹਾਰ ’ਚ ਬੈਠੇ ਉਸ ਦੇ ਪਰਿਵਾਰ ਵਾਲਿਆਂ ਨੇ ਜੋ 35 ਹਜ਼ਾਰ ਰੁਪਏ ਮਨਵੀਰ ਦੇ ਖਾਤੇ ’ਚ ਪਾਏ ਸਨ, ਉਹ ਕਿਉਂ ਨਹੀਂ ਰਿਕਵਰ ਕੀਤੇ ਗਏ, ਜਿਸ ਤੋਂ ਯਾਫ ਪਤਾ ਲੱਗ ਰਿਹਾ ਹੈ ਕਿ ਪੁਲਸ ਮੁਲਜ਼ਮਾਂ ’ਤੇ ਕੇਸ ਦਰਜ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੀ ਮਦਦ ਕਰ ਰਹੀ ਹੈ। ਅਜਿਹਾ ਉਹ ਕਿਸੇ ਸੂਰਤ ਵਿਚ ਨਹੀਂ ਹੋਣ ਦੇਣਗੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮਿਥਲੇਸ਼ ਨੂੰ ਇਨਸਾਫ ਦਿਵਾਉਣ ਲਈ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਪੂਰੇ ਪੰਜਾਬ ’ਚ ਸੰਘਰਸ਼ ਛੇੜ ਦੇਣਗੇ। ਇਸ ਮੌਕੇ ਪਰਮਜੀਤ ਰੰਧਾਵਾ, ਮਨਜੀਤ ਸੁਰਜਾ, ਬਲਰਾਜ ਫਿਲੌਰ, ਅਮ੍ਰਿਤਪਾਲ ਨੰਗਲ, ਸਰਬਜੀਤ ਸਿੰਘ ਗਿੱਲ, ਰਾਮ ਲੁਭਾਇਆ ਸਰਪੰਚ, ਮਾਸਟਰ ਹੰਸ ਰਾਜ ਅਤੇ ਸਰੋਜ ਰਾਣੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪਾਕਿ ਦੇ ਕਰਾਚੀ ’ਚ 160 ਰੁਪਏ ਪ੍ਰਤੀ ਕਿਲੋ ਪੁੱਜੀ ਆਟੇ ਦੀ ਕੀਮਤ, ਲੋਕਾਂ ’ਚ ਹਾਹਾਕਾਰ ਮਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha