ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ 90 ਭੇਡਾਂ ਮਰੀਆਂ

08/01/2022 7:33:05 PM

ਬੁਢਲਾਡਾ (ਬਾਂਸਲ) : ਰਾਤ ਦੇ ਹਨੇਰੇ ’ਚ ਰੇਲ ਗੱਡੀ ਦੀ ਲਪੇਟ ’ਚ 20 ਲੇਲਿਆਂ ਸਮੇਤ 90 ਭੇਡਾਂ ਮਰ ਗਈਆਂ ਅਤੇ 4 ਭੇਡਾਂ ਜ਼ਖ਼ਮੀ ਹੋ ਗਈਆਂ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਥੋਂ ਥੋੜ੍ਹੀ ਦੂਰ ਪਿੰਡ ਸਿਰਸੀਵਾਲਾ ਵਿਖੇ ਜਾਖਲ ਫਿਰੋਜ਼ਪੁਰ ਰੇਲਵੇ ਟ੍ਰੇਕ ’ਤੇ ਬੀਤੀ ਰਾਤ ਭੇਡਾਂ ਦਾ ਇਕ ਝੁੰਡ ਅਚਾਨਕ ਰੇਲਵੇ ਟ੍ਰੈਕ ’ਤੇ ਆ ਗਿਆ, ਜਿਥੇ ਸਾਹਮਣੇ ਆ ਰਹੀ ਟ੍ਰੇਨ ਦੀ ਲਪੇਟ ’ਚ ਆਉਣ ਕਾਰਨ 20 ਲੇਲੇ (ਬੱਚੇ) ਅਤੇ 70 ਭੇਡਾਂ ਦੀ ਮੌਤ ਹੋ ਗਈ ਅਤੇ 4 ਭੇਡਾਂ ਜ਼ਖ਼ਮੀ ਹੋ ਗਈਆਂ। ਭੇਡਾਂ ਦੇ ਮਾਲਕ ਗੁਰਪਿਆਰ ਅਤੇ ਤਰਸੇਮ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਸਵੇਰੇ ਮੂੰਹ ਹਨੇਰੇ ਹੀ ਪਤਾ ਚੱਲਿਆ ਹੈ। ਅਚਾਨਕ ਇਹ ਝੁੰਡ ਰੇਲਵੇ ਲਾਈਨ ’ਤੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭੇਡਾਂ ਦੇ ਮਰਨ ਨਾਲ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਮੌਕੇ ’ਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਤਹਿਸੀਲਦਾਰ ਬੁਢਲਾਡਾ ਰਾਹੀਂ ਪੀੜਤ ਭੇਡਾਂ ਦੇ ਮਾਲਕਾਂ ਨੂੰ ਮੁਆਵਜ਼ਾ ਦਿਵਾਉਣ ਦੀ ਤੁਰੰਤ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜਣ ਦੀ ਅਪੀਲ ਕੀਤੀ ਤਾਂ ਜੋ ਮੁੱਖ ਮੰਤਰੀ ਪੰਜਾਬ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਲਵਾਨ ਸਿੰਘ, ਰਛਪਾਲ ਸਿੰਘ, ਸੁਖਜਿੰਦਰ ਸਿੰਘ ਹਾਜ਼ਰ ਸਨ। ਦੂਸਰੇ ਪਾਸੇ ਰੇਲਵੇ ਪੁਲਸ ਦੇ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਪਰੋਕਤ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।


Manoj

Content Editor

Related News