8 ਸਾਲ ਦੇ ਬੱਚੇ ਦੀ ਅੱਖ ''ਚ ਮਤਰੇਈ ਮਾਂ ਨੇ ਪਾਇਆ ਕੈਮੀਕਲ, ਗਈ ਅੱਖਾਂ ਦੀ ਰੌਸ਼ਨੀ

01/17/2020 12:32:30 AM

ਲੁਧਿਆਣਾ, (ਰਿਸ਼ੀ)- ਈਸਾ ਨਗਰੀ ਇਲਾਕੇ ਵਿਚ ਘਰ ਵਿਚ ਸੌਂ ਰਹੇ 8 ਸਾਲ ਦੇ ਬੱਚੇ ਦੀ ਅੱਖ ਵਿਚ ਮਤਰੇਈ ਮਾਂ ਨੇ ਪਤੀ ਨਾਲ ਮਿਲ ਕੇ ਕੈਮੀਕਲ ਪਾ ਦਿੱਤਾ, ਜਿਸ ਕਾਰਨ ਉਸ ਦੀ ਇਕ ਅੱਖ ਦੀ ਰੌਸ਼ਨੀ ਹਮੇਸ਼ਾ ਲਈ ਚਲੀ ਗਈ। ਇਸ ਕੇਸ ਵਿਚ ਵੀਰਵਾਰ ਦੇਰ ਪਿਤਾ ਰਾਜੀਵ ਕੁਮਾਰ ਅਤੇ ਮਤਰੇਈ ਮਾਂ ਰਾਧਿਕਾ ਖਿਲਾਫ ਡਵੀਜ਼ਨ ਨੰ. 3 ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਮੁਤਾਬਕ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਾਣਕਾਰੀ ਦਿੰਦੇ ਹੋਏ ਚਾਚਾ ਸ਼ਲਿੰਦਰ ਨੇ ਦੱਸਿਆ ਕਿ ਉਸ ਨੂੰ ਬੀਤੀ 9 ਜਨਵਰੀ ਨੂੰ ਉਸ ਨੂੰ ਭਰਾ ਦੇ ਮੁਹੱਲੇ ਵਿਚ ਰਹਿਣ ਵਾਲੇ ਕਿਸੇ ਵਿਅਕਤੀ ਦੇ ਠੀਕ ਨਾ ਹੋਣ ਦੀ ਗੱਲ ਦੱਸੀ ਸੀ, ਜਿਸ 'ਤੇ ਜਦੋਂ ਉਹ ਭਰਾ ਦੇ ਘਰ ਗਿਆ ਤਾਂ ਭਰਾ ਅਤੇ ਭਰਜਾਈ ਨੇ ਭਤੀਜੇ ਨੂੰ ਮਿਲਣ ਨਹੀਂ ਦਿੱਤਾ। ਚਾਚੇ ਦੀ ਆਵਾਜ਼ ਸੁਣ ਕੇ ਭਤੀਜਾ ਖੁਦ ਬਹਾਰ ਆ ਗਿਆ। ਉਸ ਸਮੇਂ ਉਸ ਦੀ ਇਕ ਅੱਖ ਵਿਚ ਗੰਭੀਰ ਸੱਟ ਲੱਗੀ ਹੋਈ ਸੀ। ਪੁੱਛਣ 'ਤੇ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਸੌਂਦੇ ਸਮੇਂ ਅਚਾਨਕ ਬੈੱਡ ਤੋਂ ਥੱਲੇ ਡਿੱਗਣ ਕਰ ਕੇ ਜ਼ਖਮੀ ਹੋ ਗਿਆ ਜਿਸ 'ਤੇ ਉਸ ਨੂੰ ਮਾਮਲਾ ਸ਼ੱਕੀ ਲੱਗਾ ਤਾਂ ਉਹ ਬੱਚੇ ਨੂੰ ਆਪਣੇ ਨਾਲ ਡਾਕਟਰ ਕੋਲ ਲੈ ਗਿਆ, ਉਦੋਂ ਬੱਚਾ ਪੂਰੀ ਤਰ੍ਹਾਂ ਘਬਰਾਇਆ ਹੋਇਆ ਸੀ। ਰਸਤੇ ਵਿਚ ਮਾਸੂਮ ਨੇ ਚਾਚਾ ਨੂੰ ਦੱਸਿਆ ਕਿ 4 ਦਿਨ ਪਹਿਲਾਂ ਉਹ ਰਾਤ ਨੂੰ ਸੁੱਤਾ ਹੋਇਆ ਸੀ ਪਰ ਸਵੇਰ ਉੱਠਿਆ ਤਾਂ ਅੱਖ ਵਿਚ ਕਾਫੀ ਜਲਣ ਹੋ ਰਹੀ ਸੀ। ਜਦੋਂ ਮਾਂ-ਬਾਪ ਨੂੰ ਇਸ ਸਬੰਧੀ ਦੱਸਿਆ ਤਾਂ ਉਨ੍ਹਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਸੀ. ਐੱਮ. ਸੀ. ਹਸਪਤਾਲ ਦੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਦੀ ਅੱਖ ਵਿਚ ਸੱਟ ਨਹੀਂ ਲੱਗੀ, ਸਗੋਂ ਕੋਈ ਕੈਮੀਕਲ ਪਾਇਆ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਜਾਂਚ ਕਰ ਕੇ ਪੁਲਸ ਨੇ ਕੇਸ ਦਰਜ ਕੀਤਾ ਹੈ।

5 ਮਹੀਨੇ ਪਹਿਲਾਂ ਪਿਤਾ ਲੈ ਕੇ ਆਇਆ ਆਸ਼ਰਮ ਤੋਂ ਘਰ

ਪੁਲਸ ਦੇ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਦੋਸ਼ੀਆਂ ਵੱਲੋਂ ਬੱਚੇ ਤੋਂ ਪਹਿਲਾਂ ਵੀ ਕਈ ਵਾਰ ਜ਼ੁਲਮ ਕੀਤੇ ਜਾ ਚੁੱਕੇ ਹਨ। ਪਹਿਲਾਂ ਉਸ ਦੇ ਹੱਥ-ਪੈਰ ਬੰਨ੍ਹ ਕੇ ਕੁੱਟ-ਮਾਰ ਵੀ ਕੀਤੀ ਜਾ ਚੁੱਕੀ ਹੈ। ਕਈ ਵਾਰ ਉਸ ਨੂੰ ਕਾਫੀ ਦਿਨਾਂ ਤੱਕ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਕਈ ਵਾਰ ਰਾਤ ਦੇ ਸਮੇਂ ਘਰ ਦੇ ਅੰਦਰ ਨਾ ਲਿਜਾਣ 'ਤੇ ਮਾਸੂਮ ਆਟੋ ਵਿਚ ਹੀ ਸੌਂ ਜਾਂਦਾ ਸੀ ਜਿਸ 'ਤੇ ਮੁਹੱਲੇ ਦੇ ਲੋਕਾਂ ਨੇ ਚਾਈਲਡ ਹੈਲਪ ਲਾਈਨ 'ਤੇ ਕਾਲ ਕਰ ਕੇ ਕੇਸ ਤੋਂ ਜਾਣੂ ਕਰਵਾਇਆ ਤਾਂ ਉਹ ਪੱਖੋਵਾਲ ਰੋਡ ਸਥਿਤ ਆਸ਼ਰਮ ਵਿਚ ਛੱਡ ਆਏ ਸਨ ਪਰ 5 ਮਹੀਨੇ ਪਹਿਲਾਂ ਹੀ ਪਿਤਾ ਬੱਚੇ ਦਾ ਉਚਿਤ ਪਾਲਣ-ਪੋਸ਼ਣ ਕਰਨ ਦੀ ਗੱਲ ਕਹਿ ਕੇ ਵਾਪਸ ਲੈ ਆਇਆ ਸੀ।


Bharat Thapa

Content Editor

Related News