ਪਟਿਆਲਾ ਜ਼ਿਲ੍ਹੇ ਦੇ 8 ਹਲਕਿਆਂ ''ਚ ਕੁੱਲ 73.11 ਫੀਸਦੀ ਪਈਆਂ ਵੋਟਾਂ : ਸੰਦੀਪ ਹੰਸ

02/21/2022 8:14:17 PM

ਪਟਿਆਲਾ (ਪਰਮੀਤ ਸਿੰਘ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਪੰਜਾਬ ਵਿਧਾਨ ਸਭਾ ਚੋਣਾਂ-2022 ਲਈ 20 ਫਰਵਰੀ ਨੂੰ ਪਈਆਂ ਵੋਟਾਂ ਦਾ ਲੇਖਾ-ਜੋਖਾ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ 'ਚ 73.11 ਫ਼ੀਸਦੀ ਵੋਟਰਾਂ ਨੇ ਲੋਕਤੰਤਰ ਦੀ ਮਜ਼ਬੂਤੀ 'ਚ ਆਪਣਾ ਯੋਗਦਾਨ ਪਾਉਂਦਿਆਂ ਜ਼ਿਲ੍ਹੇ ਦੇ ਸਾਰੇ ਹਲਕਿਆਂ 'ਚ ਕੁੱਲ 102 ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਸਮੁੱਚਾ ਚੋਣ ਅਮਲ ਬੀਤੀ ਦੇਰ ਸ਼ਾਮ ਸਫ਼ਲਤਾ ਪੂਰਵਕ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ 'ਚ 15 ਲੱਖ 15 ਹਜ਼ਾਰ 445 ਵੋਟਰਾਂ 'ਚੋਂ 7,91,776 ਮਰਦ ਅਤੇ 7,23,609 ਮਹਿਲਾ ਵੋਟਰ ਹਨ, ਜਿਨ੍ਹਾਂ 'ਚੋਂ ਕੁੱਲ 11 ਲੱਖ 7 ਹਜ਼ਾਰ 925 ਵੋਟਰਾਂ, ਜਿਨ੍ਹਾਂ 'ਚ 5 ਲੱਖ 86 ਹਜ਼ਾਰ 10 ਮਰਦਾਂ ਤੇ 5 ਲੱਖ 21 ਹਜ਼ਾਰ 889 ਮਹਿਲਾਵਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਦੋਂਕਿ ਕੁੱਲ 60 ਟਰਾਂਸਜੈਂਡਰ ਵੋਟਰਾਂ 'ਚੋਂ 26 ਨੇ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ : ਮਿਹਨਤ-ਮਜ਼ਦੂਰੀ ਕਰਨ ਦੁਬਈ ਗਏ 2 ਨੌਜਵਾਨਾਂ ਦੀ ਹੋਈ ਮੌਤ, SP ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀਆਂ ਲਾਸ਼ਾਂ

ਹਲਕਾਵਾਰ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ (ਐੱਸ.ਸੀ.) 'ਚ ਕੁੱਲ 1 ਲੱਖ 84 ਹਜ਼ਾਰ 623 ਵੋਟਰਾਂ 'ਚੋਂ 1 ਲੱਖ 42 ਹਜ਼ਾਰ 254 (77.05 ਫ਼ੀਸਦੀ) ਨੇ ਵੋਟ ਪਾਈ, ਜਿਨ੍ਹਾਂ 'ਚੋਂ 75,568 ਮਰਦਾਂ ਤੇ 66,684 ਮਹਿਲਾਵਾਂ ਸਮੇਤ 2 ਟਰਾਂਸਜੈਂਡਰ ਵੋਟਰਾਂ ਨੇ 09 ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ 'ਚ ਕੁੱਲ 2 ਲੱਖ 25 ਹਜ਼ਾਰ 639 ਵੋਟਰਾਂ 'ਚੋਂ 77,166 ਮਰਦਾਂ ਤੇ 69774 ਮਹਿਲਾ ਤੇ 2 ਟਰਾਂਸਜੈਂਡਰਾਂ, ਕੁਲ 1 ਲੱਖ 46 ਹਜ਼ਾਰ 942 (65.12 ਫ਼ੀਸਦੀ) ਵੋਟਰਾਂ ਨੇ 19 ਉਮੀਦਵਾਰਾਂ ਲਈ ਮਤਦਾਨ ਕੀਤਾ। ਜਦੋਂਕਿ ਵਿਧਾਨ ਸਭਾ ਹਲਕਾ 111-ਰਾਜਪੁਰਾ ਵਿੱਚ ਕੁਲ 1 ਲੱਖ 82 ਹਜ਼ਾਰ 228 ਵੋਟਰ ਹਨ, ਇਨ੍ਹਾਂ 'ਚੋਂ 1 ਲੱਖ 36 ਹਜ਼ਾਰ 335 (74.82 ਫ਼ੀਸਦੀ), 72,209 ਮਰਦ ਤੇ 64122 ਮਹਿਲਾ ਤੇ 4 ਟਰਾਂਸਜੈਂਡਰ ਵੋਟਰਾਂ ਨੇ 10 ਉਮੀਦਵਾਰਾਂ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਹਲਕਾ 113-ਘਨੌਰ ਵਿਖੇ ਕੁੱਲ 1 ਲੱਖ 64 ਹਜ਼ਾਰ 546 ਵੋਟਰ ਹਨ, ਜਿਥੇ ਕਿ 1 ਲੱਖ 30 ਹਜ਼ਾਰ 56 (79.04 ਫ਼ੀਸਦੀ) 70,371 ਮਰਦਾਂ, 59,685 ਮਹਿਲਾ ਵੋਟਰਾਂ ਨੇ 10 ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਥੇ ਕੋਈ ਟਰਾਂਸਜੈਂਡਰ ਵੋਟਰ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਨੇ ਸੂਬੇ ਦੇ ਬਿਹਤਰ ਭਵਿੱਖ ਲਈ ਪਾਈ ਵੋਟ : ਅਸ਼ਵਨੀ ਸ਼ਰਮਾ

ਹਲਕਾ 114-ਸਨੌਰ ਵਿਖੇ 2 ਲੱਖ 22 ਹਜ਼ਾਰ 969 ਵੋਟਰ ਹਨ, ਜਿਨ੍ਹਾਂ 'ਚੋਂ 1 ਲੱਖ 64 ਹਜ਼ਾਰ 590 ਵੋਟਾਂ ਭੁਗਤੀਆਂ (73.82 ਫ਼ੀਸਦੀ), ਇਨ੍ਹਾਂ 'ਚ 86,864 ਮਰਦ ਤੇ 77,723 ਮਹਿਲਾ ਵੋਟਰ ਤੇ 3 ਟਰਾਂਸਜੈਂਡਰ ਹਨ, ਜਿਨ੍ਹਾਂ ਨੇ 14 ਉਮੀਦਵਾਰਾਂ ਨੂੰ ਵੋਟਾਂ ਪਈਆਂ, ਜਦੋਂਕਿ ਹਲਕਾ 115-ਪਟਿਆਲਾ (ਸ਼ਹਿਰੀ) ਹਲਕੇ 'ਚ ਕੁੱਲ 1 ਲੱਖ 61 ਹਜ਼ਾਰ 399 ਵੋਟਰ, ਜਿਨ੍ਹਾਂ 'ਚੋਂ ਕੁੱਲ 1 ਲੱਖ 2 ਹਜ਼ਾਰ 617 ਵੋਟਰਾਂ, ਇਨ੍ਹਾਂ 'ਚ 53,923 ਮਰਦ, 48,689 ਮਹਿਲਾ ਤੇ 5 ਟਰਾਂਸਜੈਂਡਰ ਵੋਟਰਾਂ (63.58 ਫ਼ੀਸਦੀ) ਨੇ 17 ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਸੇ ਤਰ੍ਹਾਂ 116-ਸਮਾਣਾ ਹਲਕੇ ਵਿਖੇ ਕੁਲ 1 ਲੱਖ 92 ਹਜ਼ਾਰ 473 ਵੋਟਰਾਂ 'ਚੋਂ ਕੁੱਲ 1 ਲੱਖ 47 ਹਜ਼ਾਰ 864 ਵੋਟਰਾਂ, ਜਿਨ੍ਹਾਂ 'ਚ 77,754 ਮਰਦਾਂ, 70,102 ਮਹਿਲਾ ਤੇ 8 ਟਰਾਂਸਜੈਂਡਰ ਵੋਟਰਾਂ (76.82 ਫ਼ੀਸਦੀ) ਨੇ 14 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਵਿਧਾਨ ਸਭਾ ਹਲਕਾ 117-ਸ਼ੁਤਰਾਣਾ ਹਲਕੇ 'ਚ ਕੁੱਲ 1 ਲੱਖ 81 ਹਜ਼ਾਰ 568 ਵੋਟਰਾਂ 'ਚੋਂ 1 ਲੱਖ 37 ਹਜ਼ਾਰ 267, ਇਨ੍ਹਾਂ 'ਚ 72,155 ਮਰਦ ਤੇ 65,110 ਮਹਿਲਾ ਤੇ 2 ਟਰਾਂਸਜੈਂਡਰ ਵੋਟਰਾਂ ਨੇ (75.60 ਫ਼ੀਸਦੀ) 09 ਉਮੀਦਵਾਰਾਂ ਨੂੰ ਵੋਟਾਂ ਦਾ ਭੁਗਤਾਨ ਕੀਤਾ।

ਇਹ ਵੀ ਪੜ੍ਹੋ : 10 ਮਾਰਚ ਦੇ ਨਤੀਜੇ ਪੰਜਾਬ ਦੇ ਲੋਕਾਂ ਦਾ ਭਵਿੱਖ ਤੈਅ ਕਰਨਗੇ : ਵਿਨਰਜੀਤ ਗੋਲਡੀ

 ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਫੈਸਿਲੀਟੇਸ਼ਨ ਸੈਂਟਰਾਂ 'ਤੇ ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੇ 2301 ਪੋਸਟਲ ਬੈਲੇਟ ਪੇਪਰਾਂ ਰਾਹੀਂ ਵੋਟਾਂ ਪਾਈਆਂ ਅਤੇ ਸਰਵਿਸ ਵੋਟਰਾਂ ਨੂੰ ਭੇਜੇ 4459 ਪੋਸਟਲ ਬੈਲੇਟ ਪੇਪਰਾਂ 'ਚੋਂ 155 ਪ੍ਰਾਪਤ ਹੋ ਚੁੱਕੀਆਂ ਹਨ, ਜੋ ਕਿ 9 ਮਾਰਚ ਤੱਕ ਵਾਪਸ ਪਰਤਣਗੀਆਂ, ਜਦੋਂਕਿ ਪਟਿਆਲਾ ਜ਼ਿਲ੍ਹੇ ਦੇ ਵਸਨੀਕ ਸਰਕਾਰੀ ਕਰਮਚਾਰੀ ਤੇ ਅਧਿਕਾਰੀ, ਜੋ ਹੋਰਨਾਂ ਜ਼ਿਲ੍ਹਿਆਂ 'ਚ ਚੋਣ ਡਿਊਟੀ ਕਰ ਰਹੇ ਹਨ, ਨੂੰ ਸਬੰਧਿਤ ਆਰ. ਓਜ਼ ਵੱਲੋਂ ਜਾਰੀ ਬੈਲੇਟ ਪੇਪਰਾਂ 'ਚੋਂ 54 ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 163 ਦਿਵਿਆਂਗਜਨਾਂ ਅਤੇ 80 ਸਾਲ ਤੋਂ ਵੱਧ ਉਮਰ ਦੇ 903 ਵੋਟਰਾਂ ਨੇ ਆਪਣੇ ਘਰਾਂ 'ਚ ਪੋਸਟਲ ਬੈਲੇਟ ਪੇਪਰ ਰਾਹੀਂ ਵੋਟ ਪਾਈ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਤੋਂ ਸਮਰਥਨ ਲੈਣ ਪਿੱਛੋਂ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਸਾਂਝ ਉਜਾਗਰ ਹੋਈ : ਚੰਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News