ਕੋਰੋਨਾ ਕਾਰਨ ਪਿੰਡ ਭੱਟੀਵਾਲ ਕਲ੍ਹਾਂ ''ਚ 62 ਸਾਲਾ ਵਿਅਕਤੀ ਦੀ ਮੌਤ, 4 ਪਾਜ਼ੇਟਿਵ
04/20/2021 1:49:50 AM
ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਵਿਖੇ ਕੋਰੋਨਾ ਮਹਾਮਾਰੀ ਨਾਲ ਇਕ 62 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਅਤੇ 4 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੌਡਲ ਅਫ਼ਸਰ ਡਾਕਟਰ ਰੁਪਿੰਦਰ ਸਿੰਘ ਐਕਟਿੰਗ ਐਸ.ਐਮ.ਓ ਭਵਾਨੀਗੜ੍ਹ ਨੇ ਦੱਸਿਆ ਕਿ ਪਿੰਡ ਭੱਟੀਵਾਲ ਕਲ੍ਹਾਂ ਦੇ ਇਕ 62 ਸਾਲਾ ਵਿਅਕਤੀ ਦੀ ਕੋਰੋਨਾ ਮਹਾਮਾਰੀ ਨਾਲ ਮੌਤ ਹੋ ਗਈ ਹੈ। ਜਿਸ ਦਾ ਸੰਸਕਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਪੂਰੇ ਪੁੱਖਤਾ ਪ੍ਰਬੰਧਾਂ ਹੇਠ ਕੀਤਾ ਗਿਆ। ਉਕਤ ਵਿਅਕਤੀ ਨੂੰ ਪਿਛਲੇ ਕੁਝ ਦਿਨਾਂ ਤੋਂ ਸਾਹ ਲੈਣ ’ਚ ਦਿੱਕਤ ਅਤੇ ਖੰਘ, ਬੁਖਾਰ ਹੋਣ ਕਾਰਨ ਪਟਿਆਲਾ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਸੀ ਜਿਥੇ ਇਸ ਦਾ ਕੋਰੋਨਾ ਮਹਾਮਾਰੀ ਸੰਬੰਧੀ ਟੈਸ਼ਟ ਕਰਵਾਇਆ ਗਿਆ ਤਾਂ ਇਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ 4 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਡਾਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਕੋਰੋਨਾ ਮਹਾਮਾਰੀ ਵੱਲੋਂ ਲਗਾਤਾਰ ਪੈਰ ਪਸਾਰੇ ਜਾ ਰਹੇ ਹਨ। ਜਿਸ ਕਰਕੇ ਸਾਨੂੰ ਸਾਰਿਆਂ ਨੂੰ ਪੂਰੀਆਂ ਸਾਵਧਾਨੀਆਂ ਰੱਖਣ ਦੇ ਨਾਲ ਨਾਲ ਸਰਕਾਰ ਵੱਲੋਂ ਜਾਰੀ ਗਾਇਡ ਲਾਇਨਜ਼ ਦੀ ਪਾਲਣਾ ਵੀ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਇਲਾਕੇ ’ਚ ਹੁਣ ਤੱਕ ਕੋਰੋਨਾ ਦੇ 401 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਮਿਸ਼ਨ ਫਤਿਹ ਤਹਿਤ 355 ਵਿਅਕਤੀ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ ਅਤੇ ਇਸ ਸਮੇਂ 23 ਵਿਅਕਤੀ ਕੋਰੋਨਾ ਨਾਲ ਪ੍ਰਭਾਵਿੱਤ ਹਨ ਅਤੇ 23 ਵਿਅਕਤੀ ਦਮ ਤੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਤਹੀਤ ਵੈਕਸੀਨ ਸਾਨੂੰ ਜਰੂਰ ਲਗਾਉਣੀ ਚਾਹੀਦੀ ਹੈ।