ਵਿਆਹ ਕਰਵਾ ਜਰਮਨ ਲਿਜਾਣ ਦੇ ਨਾਂ 'ਤੇ ਠੱਗੇ ਸਾਢੇ 6 ਲੱਖ ਰੁਪਏ

07/11/2019 8:46:15 PM

ਮੋਗਾ (ਆਜ਼ਾਦ)— ਮੋਗਾ ਜ਼ਿਲੇ ਦੇ ਪਿੰਡ ਦੀ ਇਕ ਲੜਕੀ ਨੇ ਹੁਸ਼ਿਆਰਪੁਰ ਦੇ ਪਿੰਡ ਮਸ਼ਰੀਵਾਲਾ ਨਿਵਾਸੀ ਆਪਣੇ ਪਤੀ ਜਸਪਾਲ ਸਿੰਘ ਹਾਲ ਅਬਾਦ ਜਰਮਨ ਤੇ ਉਸ ਨੂੰ ਵਿਆਹ ਕਰਵਾ ਕੇ ਜਰਮਨ ਲੈ ਕੇ ਜਾਣ ਦਾ ਝਾਂਸਾ ਦੇ ਕੇ ਸਾਢੇ 6 ਲੱਖ ਦੀ ਠੱਗੀ ਕੀਤੇ ਜਾਣ ਅਤੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਦੂਸਰਾ ਵਿਆਹ ਕਰਵਾਉਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਲਿਆ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਸਦਾ ਵਿਆਹ 4 ਅਪ੍ਰੈਲ 2010 ਨੂੰ ਜਸਪਾਲ ਸਿੰਘ ਨਿਵਾਸੀ ਪਿੰਡ ਮਸ਼ਰੀਵਾਲਾ ਹੁਸ਼ਿਆਰਪੁਰ ਦੇ ਨਾਲ ਧਾਰਮਕ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਪਹਿਲਾਂ ਸਾਨੂੰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਕੁਆਰਾ ਹੈ। ਉਸਨੇ ਸਾਨੂੰ ਕਿਹਾ ਕਿ ਉਹ ਵਿਆਹ ਕਰਵਾ ਕੇ ਉਸਨੂੰ ਆਪਣੇ ਨਾਲ ਜਰਮਨ ਲੈ ਜਾਵੇਗਾ, ਜਿਸ 'ਤੇ ਉਸਨੇ ਸਾਢੇ 6 ਲੱਖ ਰੁਪਏ ਵੀ ਠੱਗੇ ਲਏ, ਪਰ ਜਦ ਵੀ ਮੈਂ ਉਸ ਨੂੰ ਜਰਮਨ ਲੈ ਜਾਣ ਦੀ ਗੱਲ ਕਰਦੀ ਤਾਂ ਉਹ ਮੈਨੂੰ ਟਾਲਮਟੋਲ ਕਰਦਾ ਰਹਿੰਦਾ ਅਤੇ ਕਹਿੰਦਾ ਕਿ ਉਹ ਜਲਦ ਹੀ ਉਸਨੂੰ ਆਪਣੇ ਨਾਲ ਜਰਮਨ ਲੈ ਜਾਵੇਗਾ, ਪਰ ਉਹ ਮੈਨੂੰ ਜਰਮਨ ਨਹੀਂ ਲੈ ਕੇ ਗਿਆ। ਮੈਂ ਉਸ ਨੂੰ ਸਮਝਾਉਣ ਦਾ ਵੀ ਬੜਾ ਯਤਨ ਕੀਤਾ, ਜਿਸ 'ਤੇ ਮੇਰਾ ਪਤੀ ਅਤੇ ਉਸਦਾ ਭਰਾ ਮੇਰੀ ਕੁੱਟ-ਮਾਰ ਕਰਦੇ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ, ਜਿਸ 'ਤੇ ਮੈਂ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਦਿੱਤੀ, ਜਿਨ੍ਹਾਂ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਅਤੇ ਆਖਿਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਇਸ ਤਰ੍ਹਾਂ ਮੇਰੇ ਪਤੀ ਨੇ ਹੀ ਮੇਰੇ ਨਾਲ ਧੋਖਾ ਕੀਤਾ ਹੈ। ਹੁਣ ਮੈਂ ਆਪਣੇ ਪੇਕੇ ਰਹਿਣ ਲਈ ਮਜਬੂਰ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜਸਪਾਲ ਸਿੰਘ ਨੇ ਕੁਆਰਾ ਦੱਸ ਕੇ ਵਿਆਹ ਕਰਵਾਇਆ ਸੀ, ਜਦਕਿ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦਾ ਪਹਿਲਾਂ ਵੀ ਵਿਆਹ ਹੋਇਆ ਸੀ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਗਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਬਾਅਦ 'ਚ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਜਸਪਾਲ ਸਿੰਘ ਨਿਵਾਸੀ ਪਿੰਡ ਮਸ਼ਰੀਵਾਲਾ ਹਾਲ ਆਬਾਦ ਜਰਮਨ ਅਤੇ ਉਸਦੇ ਭਰਾ ਕੁਲਦੀਪ ਸਿੰਘ ਨਿਵਾਸੀ ਪਿੰਡ ਮਸ਼ਰੀਵਾਲਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

KamalJeet Singh

This news is Content Editor KamalJeet Singh