6 ਹਜ਼ਾਰ 143 ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਘਰ ਭੇਜਿਆ

06/05/2020 1:06:54 AM

ਮੋਗਾ, (ਸੰਦੀਪ ਸ਼ਰਮਾ)— ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਅਤੇ ਪ੍ਰਦੇਸ਼ ਹੀ ਨਹੀਂ ਬਲਕਿ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਨੇ ਬਹੁਤ ਹੀ ਗੰਭੀਰ ਹਾਲਾਤ ਪੈਦਾ ਕਰ ਦਿੱਤੇ ਹਨ। ਇੰਨ੍ਹਾਂ ਹਾਲਾਤਾਂ 'ਚ ਰਾਜ ਭਰ ਦੇ ਵੱਖ-ਵੱਖ ਜ਼ਿਲਿਆਂ 'ਚ ਰੋਜ਼ੀ ਰੋਟੀ ਕਮਾਉਣ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਦੇਸ਼ 'ਚ ਹੋਣ ਦੇ ਚੱਲਦੇ ਭਾਰੀ ਘਰੇਲੂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਅਜਿਹੇ ਪਰਿਵਾਰਾਂ ਨੂੰ ਤਾਂ ਦੋ ਸਮੇਂ ਦੀ ਰੋਟੀ ਨਸੀਬ ਹੋਣਾ ਵੀ ਮੁਸ਼ਕਿਲ ਹੋ ਗਿਆ, ਜਿੰਨ੍ਹਾਂ ਤੋਂ ਤੰਗ ਆ ਕੇ ਸਮੂਹ ਮਜ਼ਦੂਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਉਨ੍ਹਾਂ ਗ੍ਰਹਿ ਰਾਜ ਵਿਚ ਭੇਜਣ ਦਾ ਪ੍ਰਬੰਧ ਕਰਵਾਉਣ ਦੀ ਅਪੀਲ ਕੀਤੀ ਸੀ ਅਤੇ ਪ੍ਰਸਾਸ਼ਨ ਵੱਲੋਂ ਰਾਜ ਸਰਕਾਰ ਦੁਆਰਾ ਜਾਰੀ ਆਦੇਸ਼ਾਂ ਅਤੇ Îਨਿਰਧਾਰਿਤ ਨਿਯਮਾਂ ਦੇ ਤਹਿਤ ਇਸ ਸਬੰਧੀ ਪੁਖ਼ਤਾ ਪ੍ਰਬੰਧ ਕਰਵਾ ਦਿੱਤੇ ਸਨ। ਜੇਕਰ ਜ਼ਿਲਾ ਮੋਗਾ ਦੀ ਗੱਲ ਕੀਤੀ ਜਾਵ ਤਾਂ ਡੀ. ਐੱਸ. ਪੀ. ਰਮਨਦੀਪ ਸਿੰਘ ਭੁੱਲਰ ਦੇ ਅਨੁਸਾਰ ਜ਼ਿਲੇ ਤੋਂ ਦੂਸਰੇ ਰਾਜਾਂ 'ਚ 6 ਹਜ਼ਾਰ ਤੋਂ ਵੀ ਜ਼ਿਆਦਾ ਮਜ਼ਦੂਰ ਆਪਣੇ ਗ੍ਰਹਿ ਰਾਜ ਵਾਪਸ ਗਏ ਹਨ, ਜਿਸ ਦੇ ਚੱਲਦੇ ਆਉਣ ਵਾਲੇ ਸਮੇਂ ਵਿਚ ਪ੍ਰਦੇਸ਼ ਭਰ 'ਚ ਮਜ਼ਦੂਰਾਂ ਦੀ ਭਾਰੀ ਘਾਟ ਨਾਲ ਕਈ ਕਾਰੋਬਾਰ ਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਨੂੰ ਲੈ ਕੇ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰਵਾਸੀ ਮਜ਼ਦੂਰਾਂ ਦਾ ਇਸ ਤਰ੍ਹਾਂ ਵਾਪਸ ਜਾਣਾ ਪੈ ਰਿਹੈ ਕਿਸਾਨਾਂ ਤੇ ਫੈਕਟਰੀ ਸੰਚਾਲਕਾਂ 'ਤੇ ਭਾਰੀ
ਜੇਕਰ ਖੇਤੀਬਾੜੀ ਕਰਨ ਵਾਲੇ ਕਿਸਾਨਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਅੱਜ ਕੱਲ ਦੀ ਪੀੜ੍ਹੀ ਦਾ ਜ਼ਿਆਦਾਤਰ ਰੁਝਾਨ ਵਿਦੇਸ਼ ਜਾ ਕੇ ਸੈਟਲ ਹੋਣ ਦਾ ਹੈ, ਜਿਸ ਦੇ ਚੱਲਦੇ ਅਜਿਹੇ ਨੌਜਵਾਨ ਆਪਣੇ ਬਜ਼ੁਰਗਾਂ ਦਾ ਖੇਤੀਬਾੜੀ 'ਚ ਹੱਥ ਵੰਡਾਉਣ ਤੋਂ ਦੂਰ ਭੱਜਦੇ ਹਨ ਅਤੇ ਪੁਸ਼ਤ-ਪੁਸਤ ਖੇਤੀਬਾੜੀ ਵਪਾਰ ਨਾਲ ਜੁੜੇ ਹੋਣ ਦੇ ਬਾਵਜ਼ੂਦ ਵੀ ਅੱਜ ਕੱਲ ਦੀ ਇਸ ਪੀੜ੍ਹੀ ਦਾ ਖੇਤਾਂ 'ਚ ਕੰਮ ਕਰਨ ਨੂੰ ਲੈ ਕੇ ਦੂਰ ਦੂਰ ਤੱਕ ਕੋਈ ਵਾਸਤਾ ਹੀ ਨਹੀਂ ਹੈ। ਇਸ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਰਹਿਣਾ ਪੈਂਦਾ ਹੈ ਉਕੇ ਜੇਕਰ ਫੈਕਟਰੀ ਸੰਚਾਲਕਾਂ ਅਤੇ ਦੂਸਰੇ ਵੱਡੇ ਵਪਾਰ ਚਲਾਉਣ ਵਾਲੇ ਸੰਚਾਲਕਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵਪਾਰ ਵੀ ਅੱਧੇ ਤੋਂ ਵੀ ਜ਼ਿਆਦਾ ਦੂਸਰੇ ਰਾਜਾਂ ਤੋਂ ਆਏ ਇੰਨ੍ਹਾਂ ਮਜ਼ਦੂਰਾਂ ਤੇ ਹੀ ਨਿਰਭਰ ਹੈ।

ਲਾਕਡਾਊਨ ਦੀ ਪੂਰੀ ਤਰ੍ਹਾਂ ਸਮਾਪਤੀ ਤੇ ਮਜ਼ਦੂਰਾਂ ਦੀ ਘਾਟ ਦੇ ਚੱਲਦੇ ਝੱਲਣੀ ਹੋਵੇਗੀ ਭਾਰੀ ਪ੍ਰੇਸ਼ਾਨੀ
ਹੁਣ ਹੌਲੀ ਹੌਲੀ ਦੇਸ਼ ਭਰ 'ਚ ਲਾਕਡਾਊਨ ਸਮਾਪਤ ਹੋਣ ਦੀ ਸੰਭਾਵਨਾ ਬਣ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਰਾਜ ਭਰ ਵਿਚ ਕਈ ਜ਼ਿਲਿਆਂ 'ਚ ਫੈਕਟਰੀਆਂ ਨਾਲ ਸਬੰਧਤ ਵੱਡੇ ਪੱਧਰ 'ਤੇ ਲੋਕ ਜੁੜੇ ਹੋਏ ਹਨ, ਜਿੰਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਆਪਣੀ ਫੈਕਟਰੀਆਂ ਨੂੰ ਚਲਾਉਣ ਅਤੇ ਸਮਾਨ ਤਿਆਰ ਕਰਨ 'ਚ ਭਾਰੀ ਪ੍ਰੇਸ਼ਾਨੀ ਝੱਲਣੀ ਪਵੇਗੀ।

ਜ਼ਿਲਾ ਤੇ ਪੁਲਸ ਪ੍ਰਸਾਸ਼ਨ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਦੂਸਰੇ ਰਾਜਾਂ 'ਚ ਭੇਜਣ ਦੇ ਲਈ ਕੀਤੇ ਪੁਖਤਾ ਪ੍ਰਬੰਧ : ਡੀ. ਐੱਸ. ਪੀ.
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡੀ. ਐੱਸ. ਪੀ. ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦੇ ਬਣੇ ਹਾਲਾਤਾਂ ਨੂੰ ਝੱਲ ਰਹੇ ਅਤੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇੱਛਾ ਪ੍ਰਗਟਾਉਣ ਵਾਲੇ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਭੇਜਣ ਦੇ ਲਈ ਜ਼ਿਲਾ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਸੋਸ਼ਲ ਡਿਸਟੈਂਸ ਅਤੇ ਕੋਵਿੰਡ 19 ਤੋਂ ਸੁਰੱਖਿਆ ਲਈ ਨਿਰਧਾਰਿਤ ਕੀਤੇ ਗਏ ਹਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਸ਼ੇਸ਼ ਤੌਰ ਤੇ ਬੱਸਾਂ ਅਤੇ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਅਜਿਹੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾ ਸਕੇ।


KamalJeet Singh

Content Editor

Related News