6. 66 ਲੱਖ ਨਹੀਂ ਕਰਵਾਏ ਜਮ੍ਹਾ, ਵਿਭਾਗ ਨੇ ਡੀ-ਹੋਮਜ਼ ਸੈਕਟਰ-116 ਦਾ ਕੱਟਿਆ ਬਿਜਲੀ ਕੁਨੈਕਸ਼ਨ

11/11/2018 4:32:41 AM

ਖਰਡ਼, (ਅਮਰਦੀਪ)– ਖਰਡ਼ ਵਿਚ ਖੁੰਭਾਂ ਵਾਂਗ ਟਾਊਨਸ਼ਿਪ ਕਾਲੋਨੀਆਂ ਬਣਨ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੇ ਜੀਵਨ ਭਰ ਦੀ ਪੂੰਜੀ ਕੋਠੀਆਂ ਤੇ ਫਲੈਟ ਲੈਣ ’ਤੇ ਲਾ ਦਿੰਦੇ ਹਨ ਪਰ ਬਾਅਦ ਵਿਚ ਉਨ੍ਹਾਂ ਨੂੰ ਬਿਲਡਰ ਮੁਢਲੀਆਂ ਸਹੂਲਤਾਂ ਵੀ ਨਹੀਂ ਦੇ ਰਹੇ, ਜਿਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। 
ਆਂਸਲ ਗੋਲਫ ਲਿੰਕਸ ਸੈਕਟਰ-116 ਅੰਦਰ ਬਣੇ ਡੀ-ਹੋਮਜ਼ ਦੇ ਵਸਨੀਕਾਂ ਨੇ ਅੱਜ ਡੀ. ਹੋਮਜ਼ ਗਰੁੱਪ ਦੇ ਬਿਲਡਰ ਵਲੋਂ ਮੁਢਲੀਆਂ ਸਹੂਲਤਾਂ ਨਾ ਦੇਣ ’ਤੇ ਰੋਸ ਧਰਨਾ ਦਿੱਤਾ। ਇਸ ਮੌਕੇ ਮੈਡਮ ਸੋਨੀਆ, ਸ਼ਿਵ ਜੀਤ, ਕਮਲਜੀਤ, ਮਿਥਲੇਸ਼ ਨੇ ਦੱਸਿਆ ਕਿ ਉਨ੍ਹਾਂ ਨੇ 2015 ਵਿਚ ਆਪਣੇ ਜੀਵਨ ਭਰ ਦੀ ਪੂੰਜੀ ਇਕੱਠੀ ਕਰਕੇ ਫਲੈਟ ਖਰੀਦੇ ਸਨ ਪਰ ਉਹ ਆਪਣੇ ਫਲੈਟਾਂ ਵਿਚ ਬਿਜਲੀ ਦੇ ਮੀਟਰ ਨਹੀਂ ਲਾ ਸਕਦੇ ਕਿਉਂਕਿ ਬਿਲਡਰ ਨੇ ਭਾਵੇਂ ਫਲੈਟ ਉਸਾਰ ਦਿੱਤੇ ਹਨ ਪਰ ਕਾਲੋਨੀ ਲਈ ਵੱਖਰਾ ਬਿਜਲੀ ਟਰਾਂਸਫਾਰਮਰ ਨਹੀਂ ਲਿਆ, ਜਿਸ ਕਾਰਨ ਪੰਜਾਬ ਰਾਜ ਪਾਵਰਕਾਮ ਵਲੋਂ ਉਨ੍ਹਾਂ ਨੂੰ ਮੀਟਰ ਜਾਰੀ ਨਹੀਂ ਕੀਤੇ ਜਾ ਰਹੇ। 
14 ਰੁਪਏ ਪ੍ਰਤੀ ਯੂਨਿਟ ਵਸੂਲੀ
ਉਨ੍ਹਾਂ ਦੱਸਿਅਾ ਕਿ ਬਿਲਡਰ ਵਲੋਂ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ ਤੇ ਉਸ ਵਲੋਂ 14 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਬਿੱਲ ਲਿਆ ਜਾਂਦਾ ਹੈ।  ਬਿਲਡਰ ਵਲੋਂ ਬਿਜਲੀ ਵਿਭਾਗ ਨੂੰ ਬਿਜਲੀ ਬਿੱਲ ਅਦਾ ਨਾ ਕਰਨ ’ਤੇ 9 ਨਵੰਬਰ ਨੂੰ ਬਿਜਲੀ ਵਿਭਾਗ ਖਰਡ਼ ਨੇ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ, ਜਿਸ ਕਾਰਨ 39 ਫਲੈਟਾਂ ਦੀ ਬਿਜਲੀ ਬੰਦ ਹੋ ਗਈ ਹੈ ਤੇ ਨਾਲ ਹੀ ਪਾਣੀ ਦੀ ਸਪਲਾਈ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਹਾਲ ਪਿੰਡਾਂ ਨਾਲੋਂ ਵੀ ਬੁਰਾ ਹੋ ਚੁੱਕਾ ਹੈ ਕਿਉਂਕਿ ਫਲੈਟਾਂ ਵਿਚ ਬਿਜਲੀ ਨਾ ਆਉਣ ਕਾਰਨ ਰਾਤ ਹਨੇਰੇ ਵਿਚ ਕੱਟਣੀ ਪਈ, ਲੋਕਾਂ ਵਲੋਂ ਜਦੋਂ ਬਿਲਡਰ ’ਤੇ ਦਬਾਓ ਪਾਇਆ ਗਿਅਾ ਤਾਂ ਉਸਨੇ 2-3 ਦਿਨ ਹੀ ਜਨਰੇਟਰ ਚਲਾ ਕੇ ਵਸਨੀਕਾਂ ਨੂੰ ਬਿਜਲੀ ਦਿੱਤੀ ਤੇ ਰਾਤ ਸਮੇਂ ਉਸ ਨੇ ਜਨਰੇਟਰ ਬੰਦ ਕਰ ਦਿੱਤਾ, ਜਿਸ ਕਾਰਨ ਵਸਨੀਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱÎਸਿਆ ਕਿ ਬਿਲਡਰ ਵਲੋਂ ਮੁਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਹ ਬਿਲਡਰ ਖਿਲਾਫ ਬਣਦੀ ਕਾਨੂੰਨੀ  ਕਾਰਵਾਈ ਕਰਨ, ਤਾਂ ਜੋ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਮਿਲ ਸਕਣ।
 ਵਾਧੂ ਲੋਡ ਹੋਣ ’ਤੇ ਬਿਜਲੀ ਵਿਭਾਗ ਨੇ ਠੋਕਿਆ ਜੁਰਮਾਨਾ 
 ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਰਾਜ ਪਾਵਰਕਾਮ ਦਫਤਰ ਸਿਟੀ ਖਰਡ਼ ਦੇ ਐੱਸ. ਡੀ. ਓ. ਬਚਿੱਤਰ ਸਿੰਘ ਨੇ ਦੱਸਿਆ ਕਿ ਬਿਲਡਰ ਵਲੋਂ ਬਿਜਲੀ ਦਾ 1 ਲੱਖ 72 ਹਜ਼ਾਰ ਰੁਪਏ ਦਾ ਬਿੱਲ ਅਦਾ ਨਹੀਂ ਗਿਅਾ ਸੀ ਤੇ ਬਿਲਡਰ ਨੂੰ ਕਈ ਵਾਰ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਸ ਦੇ ਕੰਨ ’ਤੇ ਜੂੰ ਨਹੀਂ ਸਰਕੀ ਤੇ ਅੱਜ ਜਦੋਂ ਬਿਜਲੀ ਕਰਮਚਾਰੀ ਡੀ-ਹੋਮਜ਼ ਫਲੈਟਾਂ ਵਿਚ ਗਏ ਤਾਂ ਬਿਲਡਰ ਵਲੋਂ ਜੋ ਬਿਜਲੀ ਦਾ ਲੋਡ ਦਿੱਤਾ ਗਿਆ ਸੀ ਉਹ ਘੱਟ ਸੀ ਤੇ ਬਿਜਲੀ ਦਾ ਵੱਧ ਲੋਡ ਹੋਣ ਕਾਰਨ ਬਿਲਡਰ ਨੂੰ 6 ਲੱਖ 66 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਤੇ ਉਸ ਨੇ ਜੁਰਮਾਨਾ ਤੇ ਬਿਜਲੀ ਬਿੱਲ ਅਦਾ ਨਹੀਂ ਕੀਤਾ, ਜਿਸ ਕਾਰਨ ਮਜਬੂਰਨ ਬਿਜਲੀ ਕੁਨੈਕਸ਼ਨ ਕੱਟਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵਲੋਂ ਅਜੇ ਤਕ ਬਿਜਲੀ ਵਿਭਾਗ ਨੂੰ ਐੱਨ. ਓ. ਸੀ. ਵੀ ਅਦਾ ਨਹੀਂ ਕੀਤੀ ਗਈ, ਜਿਸ ਕਾਰਨ ਉਹ ਵਸਨੀਕਾਂ ਨੂੰ ਬਿਜਲੀ ਮੀਟਰ ਨਹੀਂ ਜਾਰੀ  ਕਰ ਸਕਦੇ। ਇਸ ਸਬੰਧੀ ਬਿਲਡਰ ਨਾਲ ਜਦੋਂ ਸੰਪਰਕ ਕਰਨਾ ਚਾਹਿਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ।


Related News