ਕੂਡ਼ੇ ਦੀਆਂ ਗੱਡੀਆਂ ਨੂੰ ਰੋਕਣ ’ਤੇ 561 ਸਫਾਈ ਕਰਮਚਾਰੀ ਹਿਰਾਸਤ ’ਚ, ਅੱਜ ਤੋਂ ਨਿਗਮ ਚੁੱਕੇਗਾ ਘਰਾਂ ’ਚੋਂ ਕੂਡ਼ਾ

09/19/2018 7:37:37 AM

ਚੰਡੀਗਡ਼੍ਹ, (ਰਾਏ)- ਨਗਰ ਨਿਗਮ ਦਫ਼ਤਰ ਤੋਂ ਹਟਾਉਣ ਤੋਂ ਬਾਅਦ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੁਸਾਇਟੀ ਅਤੇ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਡੰਪਿੰਗ ਗਰਾਊਂਡ ਸੈਕਟਰ-38 ’ਚ ਸਵੇਰੇ-ਸਵੇਰੇ ਹੰਗਾਮਾ ਖਡ਼੍ਹਾ ਕਰ ਦਿੱਤਾ ਤੇ ਸ਼ਹਿਰ ’ਚੋਂ ਕੂਡ਼ਾ ਲੈ ਕੇ ਪਹੁੰਚੀਆਂ ਗੱਡੀਆਂ ਨੂੰ ਡੰਪਿੰਗ ਗਰਾਊਂਡ ’ਚ ਜਾਣ ਤੋਂ ਰੋਕ ਦਿੱਤਾ। ਹਾਲਤ ਵਿਗਡ਼ਦੀ ਵੇਖ ਕੇ ਪੁਲਸ ਨੇ 561 ਸਫਾਈ ਕਰਮਚਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਸੈਕਟਰ-34 ਤੇ 39 ’ਚ ਥਾਣਿਆਂ ਵਿਚ ਰੱਖਿਆ ਹੋਇਆ ਹੈ,  ਜਿਨ੍ਹਾਂ ’ਚ ਕੌਂਸਲਰ  ਰਾਜੇਸ਼ ਕਾਲੀਆ ਤੇ ਨਾਮਜ਼ਦ ਕੌਂਸਲਰ ਸਚਿਨ ਲੋਹਟੀਆ ਵੀ ਸ਼ਾਮਲ ਹਨ। 
ਉਥੇ ਹੀ ਦੂਜੇ ਪਾਸੇ ਨਿਗਮ ਤੇ ਸਫਾਈ ਕਰਮਚਾਰੀਆਂ  ਵਿਚ ਚੱਲੀ ਗੱਲਬਾਤ ਅਸਫਲ ਸਾਬਤ ਹੋਈ, ਜਿਸ ਤੋਂ ਬਾਅਦ ਨਗਰ ਨਿਗਮ ਨੇ ਬੁੱਧਵਾਰ ਨੂੰ ਖੁਦ ਘਰ-ਘਰ ਜਾ ਕੇ ਕੂਡ਼ਾ ਚੁੱਕਣ ਦਾ ਐਲਾਨ ਕੀਤਾ ਹੈ। ਇਸ ਲਈ 40 ਗੱਡੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਤਿੰਨ ਕਰਮਚਾਰੀ ਇਕ ਗੱਡੀ ’ਚ ਤਾਇਨਾਤ ਕੀਤੇ ਗਏ ਹਨ। ਕੰਮ ਬਹੁਤ ਸੁਚਾਰੂ ਰੂਪ ਨਾਲ ਹੋਵੇ, ਇਸ ਲਈ ਨਿਗਮ ਦੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਗਈਆਂ ਹਨ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਵਲੋਂ ਮੰਗਲਵਾਰ ਨੂੰ ਹੁਕਮ ਜਾਰੀ ਕਰਕੇ ਸਾਰੇ ਕਰਮਚਾਰੀਆਂ, ਜੋ ਛੁੱਟੀਆਂ ’ਤੇ ਚੱਲ ਰਹੇ ਹਨ, ਨੂੰ ਤੁਰੰਤ ਡਿਊਟੀ ’ਤੇ ਆਉਣ ਲਈ ਕਿਹਾ ਹੈ।  
ਨਿਗਮ  ਦੇ ਕੰਮ ’ਚ ਰੁਕਾਵਟ ਪਾਉਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ : ਕਮਿਸ਼ਨਰ 
 ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਸਪੱਸ਼ਟ ਕੀਤਾ ਕਿ ਜੋ ਫ਼ੈਸਲਾ ਨਿਗਮ ਨੇ ਲਿਆ ਹੈ, ਉਸ ਤਹਿਤ ਕੰਮ ਕੀਤਾ ਜਾਵੇਗਾ ਤੇ ਗਾਰਬੇਜ ਕੁਲੈਕਸ਼ਨ ਜਾਂ ਸਫਾਈ ਵਿਵਸਥਾ  ਦੇ ਕੰਮ ’ਚ ਜੇਕਰ ਕੋਈ ਅਡ਼ਚਣ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ’ਤੇ ਸਖਤ ਕਾਰਵਾਈ ਹੋਵੇਗੀ।  ਨਗਰ ਨਿਗਮ ਦੇ ਉੱਚ ਅਧਿਕਾਰੀਆਂ ਵਲੋਂ ਫਾਇਰ ਡਿਪਾਰਟਮੈਂਟ ਨੂੰ ਵੀ ਚੌਕਸ ਰਹਿਣ ਦੇ ਹੁਕਮ  ਦਿੱਤੇ ਗਏ। ਜਦੋਂ ਨਗਰ ਨਿਗਮ ਦੀਆਂ ਗੱਡੀਆਂ ਸੈਕਟਰਾਂ ਵਿਚ ਕੂਡ਼ਾ ਚੁੱਕਣ ਲਈ ਭੇਜੀਆਂ ਗਈਆਂ ਜਾਂ ਭੇਜੀਅਾਂ ਜਾਣਗੀਆਂ, ਉਸ ਦੌਰਾਨ ਫਾਇਰ ਡਿਪਾਰਟਮੈਂਟ  ਦੇ ਕਰਮਚਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਤੇ ਜ਼ਰੂਰਤ ਪੈਣ ’ਤੇ ਤੁਰੰਤ ਮੌਕੇ ’ਤੇ ਪੁੱਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਦੱਸ ਦਈਏ ਕਿ ਅਜਿਹਾ ਇਸ ਲਈ ਕੀਤਾ ਗਿਆ ਕਿ ਕਿਤੇ ਡੋਰ-ਟੂ-ਡੋਰ ਸੋਸਾਇਟੀ  ਦੇ ਮੈਂਬਰ ਸੈਕਟਰਾਂ ਵਿਚ ਇਕੱਠੇ ਹੋਏ ਕੂਡ਼ੇ ਨੂੰ ਅੱਗ ਨਾ ਲਾ ਦੇਣ ਜਾਂ ਸੈਕਟਰਾਂ ’ਚ ਭੇਜੀਆਂ ਗਈਆਂ ਗੱਡੀਆਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। 
ਹਡ਼ਤਾਲ ਦੌਰਾਨ ਸਿਅਾਸਤ ਗਰਮਾਈ 
 ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ,  ਰਾਜੇਸ਼ ਕਾਲੀਆ, ਕਾਂਗਰਸ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬਡ਼ਾ ਤੇ ਕੌਂਸਲਰ ਦਵਿੰਦਰ ਸਿੰਘ ਬਬਲਾ ਵੀ ਮੌਜੂਦ ਰਹੇ। ਇੰਨਾ ਹੀ ਨਹੀਂ, ਇਨ੍ਹੀਂ ਦਿਨੀਂ ਸ਼ਹਿਰ ’ਚ ਸਰਗਰਮ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਮੁਨੀਸ਼ ਤਿਵਾਡ਼ੀ  ਵੀ ਸਾਬਕਾ ਬਸਪਾ ਨੇਤਾ ਅਨਵਰ-ਉਲ-ਹੱਕ ਨਾਲ ਹਡ਼ਤਾਲੀਆਂ ਦੇ ਸਮਰਥਨ ’ਚ ਖਡ਼੍ਹੇ ਵਿਖੇ।  
 ਗ੍ਰਿਫਤਾਰ ਕੀਤੇ ਜਦੋਂ ਹਡ਼ਤਾਲੀਆਂ ਨੂੰ ਥਾਣੇ ਲਿਆਂਦਾ ਗਿਆ ਤਾਂ ਉਥੇ ਉਹ ਵੀ ਦੋ ਫਾਡ਼ ਵਿਖੇ। ਇਕ ਗੁੱਟ ਜਿਥੇ ਕਾਂਗਰਸ ਦੇ ਸੀਨੀਅਰ ਅਾਗੂ ਤੇ ਸਾਬਕਾ ਸੰਸਦ ਮੈਂਬਰ ਪਵਨ ਬਾਂਸਲ  ਦੇ ਪੱਖ ’ਚ ਨਾਅਰੇ ਲਾ ਰਿਹਾ ਸੀ, ਉਥੇ ਹੀ ਦੂਜੇ ਗੁੱਟ ਨੇ ‘ਪਵਨ ਬਾਂਸਲ ਵਾਪਸ ਜਾਓ’ ਦਾ ਨਾਅਰਾ ਲਾ ਦਿੱਤਾ। ਥਾਣੇ ’ਚ ਸਪੀਕਰ ਵੀ ਲਾਉਣ ਦੀ ਕੋਸ਼ਿਸ਼  ਕੀਤੀ, ਜਿਸ ਨੂੰ ਪੁਲਸ ਨੇ ਬੰਦ ਕਰਵਾ ਦਿੱਤਾ।  
 ਉਧਰ ਭਾਜਪਾ ’ਚ ਮੇਅਰ ਦੇਵੇਸ਼ ਮੌਦਗਿਲ ਦਾ ਵਿਰੋਧੀ ਗੁੱਟ ਵੀ ਪਰਦੇ ਪਿੱਛੇ ਸਰਗਰਮ ਹੋ ਗਿਆ ਹੈ। ਸਾਰਾ ਦਿਨ ਇਸ ਮਾਮਲੇ ’ਤੇ ਸਿਅਾਸਤ ਦਾ ਬਾਜ਼ਾਰ ਵੀ ਗਰਮ ਰਿਹਾ।  ਸਵੇਰੇ ਦੇ ਸਮੇਂ ਸੈਕਟਰ-38 ਵਿਚ ਡੰਪਿੰਗ ਗਰਾਊਂਡ ਵਿਚ ਕਾਂਗਰਸੀ ਅਾਗੂ ਮੁਨੀਸ਼ ਤਿਵਾਡ਼ੀ  ਆਪਣੇ ਸਾਥੀ ਅਨਵਰ-ਉਲ-ਹੱਕ ਨਾਲ ਪਹੁੰਚੇ ਤੇ ਜਿਸ ਸਮੇਂ ਪੁਲਸ ਨੇ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਤਾਂ ਉਹ ਉਥੋਂ ਖਿਸਕ ਗਏ। ਜਿਸ ਦੌਰਾਨ ਮਨੀਸ਼ ਤਿਵਾਡ਼ੀ  ਉਥੋਂ ਨਿਕਲ ਰਹੇ ਸਨ ਤਾਂ ਦਲਿਤ ਨੇਤਾ ਅਤੇ ਭਾਜਪਾ ਕੌਂਸਲਰ ਰਾਜੇਸ਼ ਕੁਮਾਰ ਕਾਲੀਆ ਨੇ ਤਿਵਾਡ਼ੀ ਨੂੰ ਕਿਹਾ ਕਿ ਤਿਵਾਡ਼ੀ  ਸਾਹਿਬ ਜੇਕਰ ਤੁਸੀਂ ਇਨ੍ਹਾਂ ਲੋਕਾਂ ਦੇ ਸ਼ੁਭ ਚਿੰਤਕ ਹੋ ਤਾਂ ਤੁਸੀਂ ਵੀ ਗ੍ਰਿਫਤਾਰੀ ਦੇ ਸਕਦੇ ਹੋ ਪਰ ਤਿਵਾਡ਼ੀ ਨੇ ਉਥੋਂ ਨਿਕਲਣਾ ਹੀ ਠੀਕ ਸਮਝਿਆ। 
ਕਾਂਗਰਸ ਦਾ ਬਾਂਸਲ ਗੁੱਟ ਵੀ ਸੈਕਟਰ-34 ਪੁਲਸ ਥਾਣੇ ਵਿਚ ਇਨ੍ਹਾਂ ਲੋਕਾਂ ਦੀ ਸਾਰ ਲੈਣ ਪਹੁੰਚਿਆ, ਜਿਥੇ  ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਾਜੇਸ਼ ਕੁਮਾਰ ਕਾਲੀਆ ਨੇ ਬਬਲਾ ਨੂੰ ਕਿਹਾ ਕਿ ਜਦੋਂ ਇਹ ਮਤਾ ਪਾਸ ਹੋ ਰਿਹਾ ਸੀ ਉਦੋਂ ਤੁਸੀਂ ਵੀ ਸਦਨ ਦੀ ਬੈਠਕ ਵਿਚ ਮੌਜੂਦ ਸੀ, ਉਦੋਂ ਕਿਉਂ ਨਹੀਂ ਤੁਸੀਂ ਇਸ ਦਾ ਵਿਰੋਧ ਕੀਤਾ ਅਤੇ ਇਨ੍ਹਾਂ ਦੇ ਹੱਕ ਵਿਚ ਬੋਲੇ? ਅੱਜ ਇਥੇ ਕੀ ਕਰਨ ਆਏ ਹੋ। ਸਾਬਕਾ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਵੀ ਕਾਲੀਆ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 
ਨਿਗਮ ਨੌਕਰੀ ਦੇਣ ਲਈ ਤਿਆਰ
 ਨਗਰ ਨਿਗਮ ਵਲੋਂ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਗਿਆ ਕਿ ਉਹ ਡੋਰ-ਟੂ-ਡੋਰ ਗਾਰਬੇਜ ਸੋਸਾਇਟੀ ਦੇ ਮੈਂਬਰਾਂ ਨੂੰ ਨੌਕਰੀ ਦੇਣ ਲਈ ਤਿਆਰ ਹਨ ਪਰ ਜਿੰਨੇ ਮੈਂਬਰ ਨਗਰ ਨਿਗਮ ਕੋਲ ਰਜਿਸਟਰਡ ਹਨ, ਸਿਰਫ ਉਨ੍ਹਾਂ ਨੂੰ ਹੀ ਆਊਟਸੋਰਸ ’ਤੇ ਨੌਕਰੀ ਦਿੱਤੀ ਜਾਵੇਗੀ। ਨਗਰ ਨਿਗਮ  ਦੇ ਰਿਕਾਰਡ ਅਨੁਸਾਰ 1447 ਮੈਂਬਰਾਂ ਦਾ ਰਿਕਾਰਡ ਹੀ ਨਗਰ ਨਿਗਮ ’ਚ ਰਜਿਸਟਰਡ ਹੈ। ਉਥੇ ਹੀ ਪ੍ਰੈੱਸ  ਕਾਨਫਰੰਸ  ਦੌਰਾਨ ਕਮਿਸ਼ਨਰ  ਕੇ. ਕੇ. ਯਾਦਵ ਨੇ ਕਿਹਾ ਕਿ ਡੋਰ-ਟੂ-ਡੋਰ ਗਾਰਬੇਜ ਸੋਸਾਇਟੀ ਦੇ ਮੈਂਬਰਾਂ ਨੇ ਹਡ਼ਤਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ। ਨਾਲ ਹੀ ਜੇਕਰ ਇਹ ਲੋਕ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਨਗਰ ਨਿਗਮ ਦੇ ਦਰਵਾਜ਼ੇ ਇਸ ਲਈ ਹਮੇਸ਼ਾ ਖੁੱਲ੍ਹੇ ਹਨ।  
 ਪਾਰਟੀ ਹਾਈਕਮਾਨ ਨੂੰ ਕਾਲੀਆ ਦੀ ਸ਼ਿਕਾਇਤ 
 ਨਗਰ ਨਿਗਮ ਦੀ ਹਾਲ ਹੀ ’ਚ ਹੋਈ ਬੈਠਕ ਵਿਚ ਸਰਵਸੰਮਤੀ ਨਾਲ ਡੋਰ-ਟੂ-ਡੋਰ ਕੁਲੈਕਸ਼ਨ ਸੋਸਾਇਟੀ ਵਲੋਂ ਕੀਤੀ ਜਾ ਰਹੀ ਹਡ਼ਤਾਲ ਦਾ ਵਿਰੋਧ ਤੇ ਨਵੀਂ ਨੀਤੀ ਲਾਗੂ ਕਰਨ ਸਬੰਧੀ ਮਤਾ ਪਾਸ ਕੀਤੇ ਜਾਣ ਦੇ ਬਾਵਜੂਦ ਭਾਜਪਾ ਕੌਂਸਲਰ ਰਾਜੇਸ਼ ਕਾਲੀਆ ਵਲੋਂ ਖੁੱਲ੍ਹੇ ਤੌਰ ’ਤੇ ਸੋਸਾਇਟੀ ਦੇ ਮੈਂਬਰਾਂ ਦਾ ਸਮਰਥਨ ਕੀਤੇ ਜਾਣ ਤੇ ਉਨ੍ਹਾਂ ਦੀ ਹਡ਼ਤਾਲ ’ਚ ਸ਼ਾਮਲ ਹੋਣ ਬਾਰੇ ਅੱਜ ਪ੍ਰੈੱਸ  ਕਾਨਫਰੰਸ ਵਿਚ ਜਦੋਂ ਮੇਅਰ ਤੋਂ ਪੁੱਛਿਆ ਗਿਆ ਤਾਂ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਇਸਦੀ ਸ਼ਿਕਾਇਤ ਪਾਰਟੀ ਹਾਈਕਮਾਨ ਨੂੰ ਕਰ ਦਿੱਤੀ ਹੈ, ਉਹੀ ਇਸ ਸਬੰਧੀ ਕੋਈ ਫੈਸਲਾ ਲੈਣਗੇ।