ਟਰਾਲੇ ਤੇ ਕਾਰ ਦੀ ਟੱਕਰ ’ਚ 5 ਜ਼ਖਮੀ

01/13/2019 4:23:19 AM

 ਹਲਵਾਰਾ, (ਮਨਦੀਪ)- ਬਠਿੰਡਾ-ਲੁਧਿਆਣਾ ਰਾਜ ਮਾਰਗ ’ਤੇ ਆਏ ਦਿਨ ਗੈਰ-ਕਾਨੂੰਨੀ ਤੌਰ ’ਤੇ ਬਣਾਏ ਗਏ ਸਪੀਡ ਬ੍ਰੇਕਰਾਂ ਕਾਰਨ ਹਾਦਸੇ ਹੋ ਰਹੇ ਹਨ। ਬੀਤੀ ਦੇਰ ਰਾਤ ਵੀ ਇਕ ਹਾਦਸਾ ਹਵਾਈ ਸੈਨਾ ਹਲਵਾਰਾ ਦੇ ਮੁੱਖ ਗੇਟ ਅੱਗੇ ਵਾਪਰਿਆ ਜਿਸ ਦਾ ਕਾਰਨ ਵੀ ਇਹੀ ਸਪੀਡ ਬ੍ਰੇਕਰ ਬਣੇ। ਇਸ ਦੌਰਾਨ ਮਾਰੂਤੀ ਕਾਰ ਨੰਬਰ ਪੀ ਬੀ 59-6370 ਜੋ ਪਿੰਡ ਪਮਾਲ ਤੋਂ ਹਲਵਾਰਾ ਵਿਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਜਾ ਰਹੀ ਸੀ ਜਿਸ ਦਾ ਕਾਰ ਚਾਲਕ ਇੰਦਰਜੀਤ ਸਿੰਘ ਪਮਾਲ ਸੀ ਜਿਸ ਨੇ ਦੱਸਿਆ ਕਿ ਹਵਾਈ ਸੈਨਾ ਹਲਵਾਰਾ ਦੇ ਮੇਨ ਗੇਟ ’ਤੇ ਸਪੀਡ ਬ੍ਰੇਕਰ ਆ ਜਾਣ ਕਾਰਨ ਕਾਰ ਦੀ ਰਫਤਾਰ ਹੌਲੀ ਕੀਤੀ ਤਾਂ ਪਿੱਛੋਂ ਤੇਜ਼ੀ ਨਾਲ ਆ ਰਹੇ ਟਰਾਲੇ ਨੇ ਟੱਕਰ ਮਾਰ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ। ਟਰਾਲਾ ਚਾਲਕ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। 
 ਇਸ ਹਾਦਸੇ ’ਚ ਉਸ ਦੀ ਪਤਨੀ ਗੁਰਪ੍ਰੀਤ ਕੌਰ, ਭਰਜਾਈ ਅਮਨਦੀਪ ਕੌਰ ਤੇ ਭੈਣਾਂ ਕੁਲਜੀਤ ਕੌਰ, ਮਨਪ੍ਰੀਤ ਕੌਰ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਵਾਈ ਸੈਨਾ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਹੋਈ ਟੱਕਰ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਖਿਡ਼ਕੀ ਤੋਡ਼ ਕੇ ਬਾਹਰ ਕੱਢਿਆ। 
 ਥਾਣਾ ਮੁਖੀ ਇੰਸਪੈਕਟਰ ਮੋਹਨ ਦਾਸ ਨੇ ਦੱਸਿਆ ਕਿ ਟਰਾਲੇ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸਬੰਧੀ ਜਗ ਬਾਣੀ ’ਚ ਖਬਰਾ ਲੱਗ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ  ਜੇਕਰ ਇਹ ਸਪੀਡ ਬ੍ਰੇਕਰ ਗਲਤ ਤਰੀਕੇ ਨਾਲ ਬਣਾਏ ਗਏ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਟਾ ਦਿੱਤੇ ਜਾਣਗੇ ਪਰ ਇਹ ਸਪੀਡ ਬ੍ਰੇਕਰ ਹੁਣ ਤੱਕ ਨਹੀਂ ਹਟਾਏ ਗਏ ਜਿਸ ਕਾਰਨ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ। 
 ਦੂਜੇ ਪਾਸੇ ਰੋਹਨਰਾਜ ਦੀਪ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਪੀ.ਡਬਲਿਊ.ਡੀ. ਦੇ ਹੁਕਮ ਮੁਤਾਬਕ ਹੀ ਇਹ ਸਪੀਡ ਬ੍ਰੇਕਰ ਬਣਾਏ ਸਨ ਜੋ ਕਿ ਹਵਾਈ ਸੈਨਾ ਵੱਲੋਂ ਕਹਿਣ ’ਤੇ ਹੀ ਬਣੇ ਸਨ। ਅੱਜ ਸਵੇਰ ਸਮੇਂ ਤੋਂ ਹੀ ਸਪੀਡ ਬ੍ਰੇਕਰਾਂ ’ਤੇ ਚਿੱਟਾ ਰੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿਰਦੇਸ਼ ਆਉਂਦੇ ਹਨ ਤਾਂ ਇਹ ਹੰਪ ਹਟਾ ਦਿੱਤੇ ਜਾਣਗੇ।

ਕੀ ਕਹਿੰਦੇ ਹਨ ਨਵੇਂ ਬਣੇ ਸਰਪੰਚ
 ਨਵੀਂ ਅਬਾਦੀ ਅਕਾਲਗਡ਼੍ਹ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਦੇਣਗੇ ਤਾਂ ਕਿ ਇਹ ਜਾਨ ਦਾ ਖੌਅ ਬਣੇ ਸਪੀਡ ਬ੍ਰੇਕਰ ਹਟਾਏ ਜਾਣ ਜੋ ਸਡ਼ਕ ਆਵਾਜਾਈ ਮੰਤਰਾਲੇ ਦੇ ਨਿਰਦੇਸ਼ਾਂ ਦੇ ਉਲਟ ਬਣੇ ਹਨ। ਜੇਕਰ ਇਨ੍ਹਾਂ ਨੂੰ ਨਾ ਹਟਾਇਆ ਗਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖਡ਼ਕਾਉਣ ਲਈ ਮਜਬੂਰ ਹੋਣਗੇ।