ਮੱਖੂ ਵਿਖੇ ਚੋਰਾਂ ਦੇ ਹੌਸਲੇ ਬੁਲੰਦ, ਲੁੱਟ-ਖੋਹ ਤੇ ਚੋਰੀ ਦੀਆਂ 5 ਘਟਨਾਵਾਂ ਨੂੰ ਦਿੱਤਾ ਅੰਜਾਮ

05/21/2022 11:09:37 PM

ਮੱਖੂ (ਵਾਹੀ) :  ਕਸਬਾ ਮੱਖੂ ਇਨ੍ਹੀਂ ਦਿਨੀਂ ਗੈਰ-ਸਮਾਜੀ ਅਨਸਰਾਂ ਦਾ ਪਸੰਦੀਦਾ ਸ਼ਹਿਰ ਬਣ ਗਿਆ ਹੈ, ਜਿਥੇ ਸਮਾਜ ਵਿਰੋਧੀ ਅਨਸਰਾਂ ਦੀ ਤੂਤੀ ਬੋਲਦੀ ਹੈ। ਮੱਖੂ ਸ਼ਹਿਰ ’ਚ ਨਸ਼ਾ (ਚਿੱਟਾ)  ਖੁੱਲ੍ਹੇਆਮ ਵਿਕ ਰਿਹਾ ਹੈ,  ਉਥੇ ਹੀ ਲੁੱਟ-ਖੋਹ, ਡਕੈਤੀ ਅਤੇ ਚੋਰੀ ਆਦਿ ਦੀਆਂ ਘਟਨਾਵਾਂ ਤਾਂ ਰੋਜ਼ਮੱਰਾ ਜੀਵਨ ਦਾ ਹਿੱਸਾ ਬਣ ਗਈਆਂ ਹਨ। ਇਨ੍ਹਾਂ ਵਾਰਦਾਤਾਂ ਕਾਰਨ ਸ਼ਹਿਰ ਤੇ ਇਲਾਕੇ ਦੇ ਲੋਕਾਂ ਦਾ ਪੁਲਸ ਤੋਂ ਵਿਸ਼ਵਾਸ ਉੱਠ ਗਿਆ ਹੈ ਅਤੇ ਲੋਕ ਸਹਿਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਬੀਤੀ ਰਾਤ ਹੀ ਵਾਪਰੀਆਂ ਵਾਰਦਾਤਾਂ ਕਰਕੇ ਸਮਾਜ ਵਿਰੋਧੀ ਅਨਸਰਾਂ ਨੇ ਵੀ ਪੁਲਸ ਵੱਲੋਂ ਮੁਸਤੈਦ ਹੋਣ ਦੇ ਦਾਅਵਿਆਂ ਦੇ ਬਖੀਏ ਉਧੇੜ ਕੇ ਰੱਖ ਦਿੱਤੇ ਹਨ। ਨੈਸ਼ਨਲ ਹਾਈਵੇ-54 ’ਤੇ ਸਥਿਤ ਪੈਟਰੋਲ ਪੰਪ ’ਤੇ ਰਾਤ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਚੌਕੀਦਾਰ ਸ਼ਿੰਦਾ ਵਾਸੀ ਚਾਂਬਾਂ ਦੀ ਮਾਰਕੁੱਟ ਕਰਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ  ਦਿੰਦਿਆਂ ਚੌਂਕੀਦਾਰ ਦੀ ਮਾਰਕੁੱਟ ਕਰਕੇ ਸਾਢੇ 18 ਸੌ ਰੁਪਈਏ ਨਕਦ ਅਤੇ ਮੋਬਾਈਲ ਫੋਨ ਖੋਹ ਲਿਆ।

ਉਥੇ ਹੀ ਨੇੜਲੇ ਰਾਜੂ ਕਬਾੜੀਏ ਦੇ ਸਟੋਰ ਨੂੰ ਵੀ ਲੁੱਟਣ ਦਾ ਯਤਨ ਕੀਤਾ ਅਤੇ ਚੌਕੀਦਾਰ ਮਾਲੀ ਦੀ ਮਾਰਕੁੱਟ ਕਰਕੇ ਦੋ ਹਜ਼ਾਰ ਰੁਪਈਏ ਖੋਹ ਲਏ। ਬੇਖੌਫ ਬਦਮਾਸ਼ਾਂ ਨੇ ਵਾਰਦਾਤਾਂ ਦੀ ਲੜੀ ’ਚ ਥਾਣੇ ਤੋਂ ਕੁਝ ਕੁ ਦੂਰੀ ਤੋਂ ਵਾਰਡ ਨੰਬਰ 10 ਵਾਸੀ ਸੰਜੀਵ ਕੁਮਾਰ ਪੁੱਤਰ ਹੀਰਾ ਲਾਲ ਦੀ ਕਾਰ ਨੰਬਰ ਪੀਬੀ57ਬੀ0010 ਚੋਰੀ ਕਰ ਲਈ, ਜਦਕਿ ਰੇਲਵੇ ਰੋਡ ’ਤੇ ਸਥਿਤ ਪ੍ਰਿੰਸ ਡੇਅਰੀ ਵਾਲਿਆਂ ਦੀ ਦੁਕਾਨ ਦਾ ਸ਼ਟਰ ਭੰਨ ਕੇ ਪੰਜ ਹਜ਼ਾਰ ਦੀ ਨਕਦੀ ਅਤੇ ਭਾਰੀ ਮਾਤਰਾ ’ਚ ਕਰਿਆਨੇ ਦਾ ਸਾਮਾਨ ਵੀ ਲੁੱਟ ਲਿਆ। ਹੋਰ ਵਾਰਦਾਤਾਂ ’ਚ ਇਕ ਦਿਨ ਪਹਿਲਾਂ ਦੇ ਮਾਮਲੇ ’ਚ ਜ਼ੀਰਾ ਕਸਬੇ ’ਚੋਂ ਡਿਊਟੀ ਕਰਕੇ ਰਾਤ ਸਾਢੇ ਨੌਂ ਵਜੇ ਜਾ ਰਹੇ ਗੁਰਚਰਨ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਪੀਰ ਮੁਹੰਮਦ ਨੂੰ ਬਦਮਾਸ਼ਾਂ ਨੇ ਘੇਰ ਕੇ ਕੁੱਟਮਾਰ ਕਰਦਿਆਂ ਕਥਿਤ ਤੌਰ ’ਤੇ ਪਿਸਟਲ ਦੀ ਨੋਕ ’ਤੇ ਮੋਟਰਸਾਈਕਲ, 20 ਹਜ਼ਾਰ ਨਕਦੀ, ਦੋ ਬੈਂਕਾਂ ਦੇ ਏ.ਟੀ.ਅੈੱਮ. ਅਤੇ ਮੋਬਾਈਲ ਫੋਨ ਖੋਹ ਲਿਆ। ਇਸੇ ਤਰ੍ਹਾਂ ਵਿਧਾਇਕ ਨਰੇਸ਼ ਕਟਾਰੀਆ ਦੇ ਤਾਈ ਦੀ ਮੁੰਦਰੀ ਖੋਹਣ ਅਤੇ ਡਾਕਟਰ ਪਵਨ ਦਾ ਮੋਬਾਈਲ ਸ਼ਰੇਆਮ ਖੋਹਣ ਵਾਲੇ ਲੁਟੇਰੇ ਵੀ ਪੁਲਸ ਦੀ ਪਹੁੰਚ ਤੋਂ ਫਿਲਹਾਲ ਬਾਹਰ ਹਨ। ਪੀੜਤਾਂ ਨੇ ’ਚ ਰੋਸ ਹੈ ਕਿ ਬਹੁਤੀਆਂ ਵਾਰਦਾਤਾਂ ਦੌਰਾਨ ਮਾਮਲਿਆਂ ਦੇ ਦੋਸ਼ੀਆਂ ਦੀ ਪਛਾਣ ਹੋਣ ਅਤੇ ਵਾਰਦਾਤਾਂ ਸਪੱਸ਼ਟ ਤੌਰ ’ਤੇ ਕੈਮਰਿਆਂ ’ਚ ਕੈਦ ਹੋ ਜਾਣ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ।
 

Manoj

This news is Content Editor Manoj