ਨਸ਼ੇ ਵਾਲੇ ਪਦਾਰਥਾਂ ਸਣੇ 5 ਅਡ਼ਿੱਕੇ
07/16/2019 12:39:18 AM
ਫ਼ਰੀਦਕੋਟ, (ਰਾਜਨ)- ਵੱਖ-ਵੱਖ ਪੁਲਸ ਪਾਰਟੀਆਂ ਵੱਲੋਂ ਗਸ਼ਤ ਸਮੇਂ 5 ਕਥਿਤ ਦੋਸ਼ੀਆਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਥਾਣਾ ਸਿਟੀ ਫ਼ਰੀਦਕੋਟ ਆਪਣੇ ਸਾਥੀ ਕਰਮਚਾਰੀਆਂ ਨਾਲ ਗਸ਼ਤ ’ਤੇ ਸੀ ਤਾਂ ਜਸਵਿੰਦਰ ਸਿੰਘ ਉਰਫ਼ ਗਾਗੂ ਵਾਸੀ ਫ਼ਰੀਦਕੋਟ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਪਾਰਟੀ ਵੱਲੋਂ ਉਕਤ ਦੀ ਗ੍ਰਿਫ਼ਤਾਰੀ ਨਹਿਰਾਂ ਦੇ ਪੁਲ ’ਤੇ ਕੀਤੀ ਗਈ। ਨਾਕਾਬੰਦੀ ਮੌਕੇ ਮੋਟਰਸਾਈਕਲ ’ਤੇ ਆਉਂਦਿਆਂ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਹੈਰੋਇਨ ਅਤੇ 1400 ਰੁਪਏ ਦੀ ਨਕਦੀ ਬਰਾਮਦ ਕੀਤੀ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਚਮਕੌਰ ਸਿੰਘ ਸਿਟੀ ਥਾਣਾ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਦੀਪਕ ਉਰਫ਼ ਗੁੱਟਰੀ ਅਤੇ ਅਗਸਤਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਦੀ ਗ੍ਰਿਫ਼ਤਾਰੀ 5 ਗ੍ਰਾਮ ਹੈਰੋਇਨ, ਇਕ ਲਾਈਟਰ, ਇਕ ਪੰਨੀ (ਸਿਲਵਰ ਰੋਲ) ਬਰਾਮਦ ਕਰ ਕੇ ਕੀਤੀ ਗਈ। ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਰੇਲਵੇ ਲਾਈਨਾਂ ਵੱਲ ਜਾ ਰਹੀ ਸੀ ਤਾਂ ਉਕਤ ਦੋਵਾਂ ਨੂੰ ਮੋਟਰਸਾਈਕਲ ’ਤੇ ਆਉਂਦਿਆਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਇਕ ਪਾਸੋਂ ਹੈਰੋਇਨ ਜਦਕਿ ਦੂਜੇ ਕੋਲੋਂ ਨਸ਼ਾ ਕਰਨ ਦਾ ਸਾਮਾਨ ਬਰਾਮਦ ਹੋਇਆ। ਇਸ ਤੋਂ ਇਲਾਵਾ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬਲਕਰਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਅਤੇ ਰਾਜਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਪਾਸੋਂ 160 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਪੁਲਸ ਪਾਰਟੀ ਵੱਲੋਂ ਪਿੰਡ ਬੁਰਜ ਮਸਤਾ ਨੂੰ ਜਾਂਦਿਆਂ ਸ਼ੱਕ ਦੇ ਆਧਾਰ ’ਤੇ ਕੀਤੀ ਗਈ। ਤਲਾਸ਼ੀ ਸਮੇਂ ਉਕਤ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।